ਮੈਲਬਰਨ : ਰਿਜ਼ਰਵ ਬੈਂਕ ਦੀ ਗਵਰਨਰ Michele Bullock ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਵਾਸੀਆਂ ਲਈ ਵਿੱਤੀ ਮੋਰਚੇ ’ਤੇ ਨੇੜ ਭਵਿੱਖ ’ਚ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉੱਚ ਮਹਿੰਗਾਈ ਅਤੇ ਵਿਆਜ ਰੇਟ ਕਾਰਨ ਕੁਝ ਆਸਟ੍ਰੇਲੀਆਈ ਲੋਕਾਂ ਨੂੰ ਆਪਣੇ ਘਰ ਵੇਚਣ ਦੀ ਵੀ ਲੋੜ ਪੈ ਸਕਦੀ ਹੈ।
ਉਨ੍ਹਾਂ ਕਿਹਾ ਕਿ ਘੱਟ ਆਮਦਨ ਵਾਲੇ ਪਰਿਵਾਰ ਬੇਹੱਦ ਪ੍ਰਭਾਵਿਤ ਹੋਣਗੇ, ਜਿਨ੍ਹਾਂ ਨੂੰ ਰੋਜ਼ੀ-ਰੋਟੀ ਲਈ ਖਰਚਿਆਂ ਵਿੱਚ ਕਟੌਤੀ ਕਰਨ, ਬੱਚਤ ਘੱਟ ਕਰਨ, ਜਾਂ ਵਾਧੂ ਘੰਟੇ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ। ਹਾਲਾਂਕਿ ਇਸ ਦੇ ਬਾਵਜੂਦ Bullock ਬੈਂਕ ਦੀ ਮੌਜੂਦਾ ਵਿਆਜ ਰੇਟ ਸੈਟਿੰਗਾਂ ’ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਘਰ ਨਿਰਮਾਣ ਅਤੇ ਕਿਰਾਏ ਦੇ ਬਾਜ਼ਾਰ ਵਰਗੇ ਖੇਤਰਾਂ ਵਿੱਚ ਚੱਲ ਰਹੇ ਮਹਿੰਗਾਈ ਦੇ ਦਬਾਅ ਕਾਰਨ ਵਿਆਜ ਰੇਟ ਘੱਟ ਨਹੀਂ ਕੀਤੇ ਜਾ ਸਕਦੇ।
ਇਸ ਦੌਰਾਨ ਖਜ਼ਾਨਚੀ ਜਿਮ ਚੈਲਮਰਜ਼ ਅਤੇ ਵਿੱਤ ਮੰਤਰੀ ਕੈਟੀ ਗੈਲਾਘਰ ਨੇ Bullock ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਹੈ ਕਿ ਵਿਆਜ ਦਰਾਂ ਵਿਚ ਵਾਧੇ ਨੇ ਅਰਥਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ, ਘਰੇਲੂ ਖਪਤ ਵਿਚ ਗਿਰਾਵਟ ਆਈ ਹੈ ਅਤੇ ਕਾਰੋਬਾਰ ਆਪਣੇ ਬਚਾਅ ਲਈ ਪੁਨਰਗਠਨ ਅਤੇ ਛਾਂਟੀ ’ਤੇ ਵਿਚਾਰ ਕਰ ਰਹੇ ਹਨ। ਰਿਜ਼ਰਵ ਬੈਂਕ ਦੀ ਅਗਲੀ ਬੈਠਕ 23-24 ਸਤੰਬਰ ਨੂੰ ਹੈ, ਜਿਸ ‘ਚ ਹਾਊਸਿੰਗ ਨਿਰਮਾਣ ਖੇਤਰ ‘ਚ ਮਹਿੰਗਾਈ ਦੇ ਦਬਾਅ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।