ਗੁਟਕਾ ਸਾਹਿਬ ਦੀ ਬੇਅਦਬੀ ਦਾ ਸਾਰੇ ਧਰਮਾਂ ਨੂੰ ਇਕਜੁਟ ਹੋ ਕੇ ਵਿਰੋਧ ਕਰਨ ਦਾ ਸੱਦਾ

ਮੈਲਬਰਨ : ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਨੇ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਅੱਜ Canning Vale ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੀਤੀ 30 ਅਗਸਤ ਨੂੰ ਹੋਈ ਗੁਰਬਾਣੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਇਸ ਨਿੰਦਣਯੋਗ ਕਾਰਵਾਈ ਨੇ ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ ਅਤੇ ਲੋਕਾਂ ਦੀ ਸ਼ਰਧਾ ਦੇ ਖ਼ਿਲਾਫ਼ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਕਾਰਵਾਈਆਂ ਵਿਰੁੱਧ ਇਕਜੁੱਟ ਹੋਣ ਦੀ ਜ਼ਰੂਰਤ ਹੈ।

ਕੌਂਸਲ ਨੇ ਸਾਰੇ ਧਰਮਾਂ ਦੇ ਆਗੂਆਂ ਨੂੰ ਇਸ ਘਟਨਾ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਕੌਂਸਲ ਨੇ ਕਿਹਾ ਕਿ ਆਸਟ੍ਰੇਲੀਆ ਅੰਦਰ ਸਾਰੇ ਧਰਮਾਂ ਅਤੇ ਭਾਈਚਾਰਿਆਂ ਵਿਚਕਾਰ ਆਪਸੀ ਸਮਝ ਅਤੇ ਸਨਮਾਨ ਦਾ ਸਭਿਆਚਾਰ ਵਿਕਸਤ ਕਰਨ ਲਈ ਸਾਰੇ ਧਰਮਾਂ ਦੀਆਂ ਧਾਰਮਕ ਪੁਸਤਕਾਂ ਦੀ ਬੇਅਦਬੀ ਦਾ ਵਿਰੋਧ ਕਰਨਾ ਲਾਜ਼ਮੀ ਹੈ। ਉਨ੍ਹਾਂ ਵੈਸਟਰਨ ਆਸਟ੍ਰੇਲੀਆ ਦੀਆਂ ਅਥਾਰਟੀਆਂ ਇਹ ਯਕੀਨੀ ਕਰਨ ਦੀ ਮੰਗ ਕੀਤੀ ਕਿ ਇਸ ਹਮਲੇ ਦੇ ਸਾਜ਼ਸ਼ਕਰਤਾਵਾਂ ਨੂੰ ਛੇਤੀ ਤੋਂ ਛੇਤੀ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।