ਮੈਲਬਰਨ : New Zealand ਦੇ ਟੂਰਿਜ਼ਮ ਮੰਤਰੀ Matt Doocey ਨੇ ਦੇਸ਼ ’ਚ ਆਉਣ ਵਾਲੇ ਸੈਲਾਨੀਆਂ ’ਤੇ ਅੰਤਰਰਾਸ਼ਟਰੀ ਵਿਜ਼ਟਰ ਟੈਕਸ ਲਗਭਗ ਤਿੰਨ ਗੁਣਾ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਇਸ ਨੂੰ ਪ੍ਰਤੀ ਵਿਜ਼ਟਰ 35 ਡਾਲਰ ਦੀ ਥਾਂ ਵਧਾ ਕੇ 100 ਡਾਲਰ (92 ਆਸਟ੍ਰੇਲੀਆਈ ਡਾਲਰ) ਕਰ ਦਿੱਤਾ ਗਿਆ ਹੈ। ਇਹ ਵਾਧਾ 1 ਅਕਤੂਬਰ ਤੋਂ ਲਾਗੂ ਹੋਵੇਗਾ।
ਹਾਲਾਂਕਿ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਸੈਰ-ਸਪਾਟਾ ਪ੍ਰਭਾਵਿਤ ਹੋਵੇਗਾ, ਜਿਸ ਨਾਲ ਹਰ ਸਾਲ 48,000 ਘੱਟ ਸੈਲਾਨੀ ਆਉਣਗੇ। ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਦੀ ਮੁੱਖ ਕਾਰਜਕਾਰੀ Rebecca Ingram ਨੇ ਕਿਹਾ ਕਿ ਯਾਤਰਾ ਕਰਨ ਵਾਲੇ ਪਰਿਵਾਰਾਂ ਲਈ ਪ੍ਰਤੀ ਵਿਅਕਤੀ 100 ਦੀ ਫੀਸ ਨਿਊਜ਼ੀਲੈਂਡ ਜਾਣ ਜਾਂ ਨਾ ਜਾਣ ਬਾਰੇ ਵਿਚਾਰ ਕਰਨ ਲਈ ਇੱਕ ਵੱਡਾ ਕਾਰਕ ਹੋਵੇਗੀ।
ਹਾਲਾਂਕਿ ਵਾਤਾਵਰਣ ਮੰਤਰੀ ਤਮਾ ਪੋਟਾਕਾ ਨੇ ਕਿਹਾ ਕਿ 100 ਡਾਲਰ ਪ੍ਰਤੀ ਵਿਅਕਤੀ ਫੀਸ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਟੈਕਸਾਂ ਦੇ ਬਰਾਬਰ ਹੈ। ਟੈਕਸਦਾਤਾ ਪਹਿਲਾਂ ਹੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਕੁਦਰਤੀ ਵਿਰਾਸਤ ਅਤੇ ਮਨੋਰੰਜਨ ਸਮੇਤ ਸੈਰ-ਸਪਾਟਾ ਅਤੇ ਸੰਭਾਲ ’ਤੇ ਸਿੱਧੇ ਤੌਰ ’ਤੇ ਹਰ ਸਾਲ ਲਗਭਗ 88.4 ਕਰੋੜ ਡਾਲਰ ਦਾ ਯੋਗਦਾਨ ਦਿੰਦੇ ਹਨ।