ਯੂਨਾਈਟਡ ਸਿੱਖਜ਼ ਨੇ ਕੀਤੀ Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਨਿੰਦਾ, ਜਵਾਬਦੇਹੀ ਦੀ ਮੰਗ ਲਈ ਕਮੇਟੀ ਕਾਇਮ

ਮੈਲਬਰਨ : ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਹਾਲ ਹੀ ਵਿੱਚ Perth ਦੇ ਸਬਅਰਬ Canning Vale ਸਥਿਤ ਇਕ ਗੁਰਦੁਆਰੇ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਤੋਂ ਬਹੁਤ ਦੁਖੀ ਅਤੇ ਹੈਰਾਨ ਹੈ।

ਸੰਯੁਕਤ ਰਾਸ਼ਟਰ ਤੋਂ ਮਾਨਤਾ ਪ੍ਰਾਪਤ ਕੌਮਾਂਤਰੀ NGO ਯੂਨਾਈਟਿਡ ਸਿੱਖਸ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਯੂਨਾਈਟਿਡ ਸਿੱਖਸ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਅਤੇ ਤੁਰੰਤ ਲੈਣ। ਇਸ ਘਿਨਾਉਣੇ ਕੰਮ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਲਈ ਪੂਰੀ ਅਤੇ ਤੁਰੰਤ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਸੰਸਥਾ ਨੇ ਆਸਟ੍ਰੇਲੀਆਈ ਸਿੱਖ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਸ਼ਾਂਤ ਰਹਿਣ, ਇਕਜੁੱਟਤਾ ਦਿਖਾਉਣ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਇਸ ਗੰਭੀਰ ਜੁਰਮ ਦੇ ਜਵਾਬ ਵਿੱਚ ਆਸਟ੍ਰੇਲੀਆਈ ਸਿੱਖ ਭਾਈਚਾਰੇ ਨੇ ਤੁਰੰਤ ਅਤੇ ਇਕਜੁੱਟ ਹੋ ਕੇ ਕਾਰਵਾਈ ਕੀਤੀ ਹੈ। ਵੀਡੀਉ ਦੇ ਸਾਹਮਣੇ ਆਉਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਭਾਈਚਾਰੇ ਦੇ ਮੈਂਬਰ ਪੂਰੇ ਖੇਤਰ ਦੇ ਗੁਰਦੁਆਰਿਆਂ ’ਚ ਇਕੱਠੇ ਹੋ ਗਏ ਅਤੇ ਇਕਜੁੱਟ ਹੋ ਕੇ ਤਾਕਤ ਅਤੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਇਕੱਠਾਂ ਦੌਰਾਨ, ਭਾਈਚਾਰੇ ਦੇ ਮੈਂਬਰਾਂ ਨੇ ਨਿਆਂ ਦੀ ਭਾਲ ਕਰਨ ਦਾ ਸੰਕਲਪ ਲਿਆ।

ਉਧਰ ਵੈਸਟਰਨ ਆਸਟ੍ਰੇਲੀਆ ਵਿੱਚ ਪੰਜ ਸਤਿਕਾਰਯੋਗ ਸਿੰਘਾਂ ਦੀ ਇੱਕ ਲੀਡ ਕਮੇਟੀ ਸਥਾਪਤ ਕੀਤੀ ਗਈ ਹੈ ਜੋ ਜਵਾਬਦੇਹੀ ਦੀ ਮੰਗ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਅਜਿਹੀਆਂ ਕਾਰਵਾਈਆਂ ਦੁਹਰਾਈਆਂ ਨਾ ਜਾਣ। ਇਸ ਦੌਰਾਨ ਸਨਿਚਰਵਾਰ ਨੂੰ ਪਰਥ ਦੇ ਸੰਸਦ ਮੈਂਬਰ ਅਤੇ ਪੁਲਿਸ ਦੇ ਪ੍ਰਤੀਨਿਧੀਆਂ ਨੇ ਗੁਰਦੁਆਰੇ ਆ ਕੇ ਸਿੱਖ ਆਗੂਆਂ ਨਾਲ ਗੱਲਬਾਤ ਕੀਤੀ।