ਲੇਖਕ: ਗੁਰਵਿੰਦਰ ਸਿੰਘ ‘ਗਿੱਲ ਰੌਂਤਾ’
ਪੰਨੇ : 128, ਕੀਮਤ : 250/—
ਪ੍ਰਕਾਸ਼ਨ : ਗਿੱਲ ਰੌਂਤਾਂ ਪ੍ਰੋਡਕਸ਼ਨ,ਰੌਂਤਾ(ਮੋਗਾ)।
ਪੁਸਤਕ ‘ਹੈਲੋ! ਮੈਂ ਲਾਹੌਰ ਤੋਂ ਬੋਲਦਾਂ’ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਪਲੇਠੀ ਰਚਨਾ ਹੈ। ਇਹ ਕਿਤਾਬ ਉਸ ਦੀ ਪਾਕਿਸਤਾਨ ਫੇਰੀ ਦਾ ਖੂਬਸੂਰਤ ਵਰਨਣ ਹੈ। ਲੇਖਕ ਉਂਝ ਪੰਜਾਬੀ ਗੀਤਕਾਰੀ ਦਾ ਸਥਾਪਿਤ ਨਾਮ ‘ਗਿੱਲ ਰੌਂਤਾ’ ਹੈ। ਇਹ ਕਿਤਾਬ ਇੱਕ ਸਫ਼ਰਨਾਮਾ ਹੁੰਦੇ ਹੋਏ ਵੀ ਸਫਰਨਾਮੇ ਤੋਂ ਵੱਧ ਕੇ ਦੋ ਮੁਲਕਾਂ ਦੇ ਇੱਕੋ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਾਸ਼ਿੰਦਿਆਂ ਦੀ ਜਜ਼ਬਾਤੀ ਸਾਂਝ ਦੀ ਕਹਾਣੀ ਹੈ।
ਪਾਕਿਸਤਾਨ ਜਾਣ ਦੇ ਸਬੱਬ ਦੀ ਗੱਲ ਕਰਦਾ ਲੇਖਕ ਜਦੋਂ ਆਪਣੇ ਸਾਥੀਆਂ ਨੂੰ ਇਹ ਗੱਲ ਕਹਿੰਦਾ ਕਿ ‘ਅੱਜ ਸਵੇਰ ਦਾ ਪਰਸ਼ਾਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਛੱਕ ਕੇ ਦੁਪਿਹਰ ਦੀ ਰੋਟੀ ਲਾਹੌਰ ਜਾ ਕੇ ਖਾਵਾਂਗੇ।’ ਇਹ ਸਤਰਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਹਰ ਪੰਜਾਬੀ ਦੇ ਮਨ ਦੀਆਂ ਰੀਝਾਂ ਬਿਆਨਦੀਆਂ ਹਨ। ਲੇਖਕ ਦੀ ਮਾਂ ਵੱਲੋ ਪਾਕਿਸਤਾਨ ਜਾਣ ਦੇ ਤੌਲਖੇ ਦੀ ਬਜਾਏ ‘ਸ੍ਰੀ ਨਨਕਾਣਾ ਸਾਹਿਬ’ ਦੇ ਦਰਸ਼ਨ ਦਿਦਾਰ ਕਰਨ ਦੀ ਗੱਲ ‘ਚੜ੍ਹਦੇ ਪੰਜਾਬ’ ਦੇ ਲੋਕਾਂ ਦੀ ਧਾਰਮਿਕ ਵੇਦਨਾ ਦਾ ਬਹੁਤ ਸੁਚੱਜਾ ਪ੍ਰਗਟਾਵਾ ਹੈ। ਲੇਖਕ ਵੱਲੋਂ ਪਾਕਿਸਤਾਨ ਇਮੀਗਰੇਸ਼ਨ ਦੀ ਮੋਹਰ ਲਗਵਾਉਣ ਦਾ ਪ੍ਰਗਟਾਵਾ ਆਮ ਲੋਕਾਂ ਦੇ ਮਨ ਵਿਚੋਂ ਪਾਕਿਸਤਾਨੀ ਵੀਜ਼ੇ ਪ੍ਰਤੀ ਡਰ ਕੱਢਣ ਦਾ ਯਤਨ ਹੈ। ਲੇਖਕ ਨੂੰ ਲਾਹੌਰ ਦਾ ਆਲਾ—ਦੁਆਲਾ ਬਿਲਕੁਲ ਆਪਣੇ ਪੰਜਾਬ ਵਰਗਾ ਨਜ਼ਰ ਆਉਦਾ ਹੈ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਲੋਕ, ਸਾਡੇ ਵਰਗੇ ਹੀ ਸਕੂਟਰ, ਮੋਟਰ ਸਾਈਕਲ ਅਤੇ ਨਹਿਰ ਦਾ ਕਿਨਾਰਾ, ਸਭ ਆਪਣੇ ਮੁਲਕ ਵਰਗਾ ਨਜ਼ਰ ਆਉਦਾ ਹੈ।
ਫਿਰ ‘ਬਾਬਾ ਨਜ਼ਮੀ’ ਵਰਗੇ ਸ਼ਾਇਰਾਂ ਨਾਲ ਮਿਲਣਾ, ਲੋਕ ਗਾਇਕ ‘ਸਾਂਈ ਜਹੂਰ’ ਜੀ ਦੀ ਸੰਗਤ ’ਚ ਬੈਠਣਾ ਅਤੇ ਪਾਕਿਸਤਾਨੀ ਲੋਕਾਂ ਦਾ ਪੱਗ ਪ੍ਰਤੀ ਸਤਿਕਾਰ ਲੇਖਕ ਨੂੰ ਬਹੁਤ ਭਾਵੁਕ ਕਰਦਾ ਹੈ ਅਤੇ ਆਪਣੀ ਮਾਂ ਨਾਲ ਫੋਨ ’ਤੇ ਗੱਲ ਕਰਦੇ ਸਮੇਂ ਕਹਿਣਾ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ’ ਬਹੁਤ ਹੀ ਉਤਸ਼ਾਹ ਭਰਪੂਰ ਬਿਆਨਕਾਰੀ ਹੈ।
ਲੇਖਕ ਵੱਲੋਂ ਆਪਣੇ ਪਿੰਡ ਰੌਂਤੇ ਤੋਂ ਵੰਡ ਵੇਲੇ ਗਏ ਦੋ ਬਜ਼ੁਰਗਾਂ ਨੂੰ ਉਨ੍ਹਾਂ ਦੇ ਪਿੰਡ ‘ਕਾਵਾਂ ਵਾਲੀ ਸਿੱਖਾਂ’ ਜਾ ਕੇ ਮਿਲਣ ਦੇ ਦ੍ਰਿਸ਼ ਦੀ ਪੇਸ਼ਕਾਰੀ ਇਸ ਕਿਤਾਬ ਦਾ ਸਿਖਰ ਹੋ ਨਿੱਬੜਦੀ ਹੈ। ਲੇਖਕ ਨੂੰ ਇਹ ਆਪਣਾ ਪਿੰਡ ਪ੍ਰਤੀਤ ਹੋਣ ਲੱਗਦਾ ਹੈ।
ਲੇਖਕ ਵੱਲੋਂ ਨਾਸਿਰ ਢਿੱਲੋਂ, ਅੰਜੁਮ ਗਿੱਲ, ਨਾਸਿਰ ਚਿਨਿਓਟੀ, ਸ਼ਾਹਿਦ ਨਕਵੀ, ਲਵਲੀ, ਸਾਮੀ ਜੱਟ, ਵੱਕਾਰ ਭਿੰਡਰ, ਵੱਕਾਸ ਹੈਦਰ, ਅਤੇ ਰਾਏ ਅਜ਼ੀਜ ਉੱਲ੍ਹਾ ਖਾਨ ਸਾਹਿਬ ਵਰਗੇ ਅਸਲ ਪਾਤਰਾਂ ਦੇ ਨਾਲ ਮਿਲ ਬੈਠ ਗੱਪਾਂ ਮਾਰਨ ਦੇ ਦ੍ਰਿਸ਼ ਨੂੰ ਇੰਨੇ ਸੋਹਣੇ ਢੰਗ ਨਾਲ ਸਿਰਜਦਾ ਹੈ ਕਿ ਹਰ ਪਾਠਕ ਦਾ ਮਨ ਕਰਦਾ ਹੈ ਕਿ ‘ਕਾਸ਼! ਮੈਂ ਵੀ ਇਨ੍ਹਾਂ ਮਹਿਫ਼ਲ ਦਾ ਸ਼ਿੰਗਾਰ ਹੁੰਦਾ।’ ਇਹ ਮਹਿਫ਼ਲਾਂ ਦੀ ਬਿਆਨਕਾਰੀ ਇਸ ਤਰ੍ਹਾਂ ਦੀ ਪ੍ਰਤੀਤ ਹੁੰਦੀ ਹੈ ਕਿ ਇਹ ਲੇਖਕ/ਕਲਾਕਾਰ ਸਾਥੀ ਜਿਵੇਂ ਇੱਕ ਪਿੰਡ ਦੀ ਸੱਥ ਵਿੱਚ ਕਿਤੇ ਇਕੱਠੇ ਬੈਠੇ ਹਨ ਅਤੇ ਰਾਤ ਨੂੰ ਘਰਾਂ ਨੂੰ ਚਲੇ ਜਾਣਗੇ ਅਤੇ ਸਵੇਰੇ ਫਿਰ ਇਕੱਠੇ ਹੋ ਜਾਣਗੇ। ਇਨ੍ਹਾਂ ਵਿਚਕਾਰ ਕੋਈ ਹੱਦ ਜਾਂ ਸਰਹੱਦ ਨਹੀਂ ਅਤੇ ਨਾ ਹੀ ਕੋਈ ਮਹਿਮਾਨ ਤੇ ਮੇਜ਼ਬਾਨ ਹੈ।
ਲਾਹੌਰ ਸ਼ਹਿਰ ਦਾ ਖਾਣ—ਪਾਣ, ਖਰੀਦੋ ਫਰੋਖ਼ਤ, ਧਾਰਮਿਕ ਇਮਾਰਤਾਂ ਆਦਿ ਨੂੰ ਵੀ ਸੋਹਣਾ ਚਿਤਰਿਆ ਹੈ। ਕਿਤਾਬ ਦੀਆਂ ਰੰਗੀਨ ਤਸਵੀਰਾਂ ਕਿਤਾਬ ਦੇ ਪਾਤਰਾਂ ਦਾ ਬਹੁਤ ਵਧੀਆ ਢੰਗ ਨਾਲ ਤੁਆਰਫ ਕਰਵਾਉਂਦੀਆਂ ਹਨ। ਕੁੱਲ ਮਿਲਾ ਕੇ ਕਿਤਾਬ ਪੜ੍ਹਨਯੋਗ ਹੈ। ਸੰਵੇਦਨਸ਼ੀਲ ਪਾਠਕਾਂ ਅੰਦਰ ਖਿੱਚ ਪੈਦਾ ਕਰਦੀ ਹੈ ਕਿ ਅਸੀ ਵੀ ਇੱਕ ਵਾਰ ਪਾਕਿਸਤਾਨ ਦਾ ਗੇੜ੍ਹਾ ਲਾ ਕੇ ਆਈਏ। ਪੁਸਤਕ ਦੀ ਦਿੱਖ ਵੀ ਚੰਗੀ ਹੈ। ਭਾਸ਼ਾ ਵੀ ਸਰਲ ਹੈ। ਕਿਤਾਬ ਸੁਨੇਹਾ ਦੇਣ ’ਚ ਕਾਮਯਾਬ ਹੈ ਕਿ ਦੋਵੇਂ ਮੁਲਕਾਂ ਦੇ ਆਮ ਲੋਕਾਂ ਵਿੱਚ ਅੱਜ ਵੀ ਭਾਈਚਾਰਕ ਸਾਂਝ, ਅਪਣੱਤ, ਪਿਆਰ ਮੁਹੱਬਤ ਉਸੇ ਤਰ੍ਹਾਂ ਕਾਇਮ ਹੈ।
-ਸੁਤੰਤਰ
ਪਿੰਡ : ਬਿਲਾਸਪੁਰ (ਮੋਗਾ)
ਮੋਬਾਈਲ : 99156-00486