ਮੈਲਬਰਨ: 35 ਸਾਲ ਦੇ ਡਿਲੀਵਰੀ ਡਰਾਈਵਰ ਮਨਪ੍ਰੀਤ ਸਿੰਘ ’ਤੇ 25 ਅਗਸਤ ਦੀ ਰਾਤ ਨਸ਼ੇ ’ਚ ਦੋ ਔਰਤਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲਿਸ ਅਨੁਸਾਰ ਇਹ ਹਮਲਾ ਮਨਪ੍ਰੀਤ ਦੀ ਕਾਰ ਚੋਰੀ ਕਰਨ ਦੇ ਇਰਾਦੇ ਨਾਲ ਕੀਤਾ ਗਿਆ, ਜਦੋਂ ਉਹ Cranbourne ’ਚ ਸੀ। CCTV ’ਤੇ ਉਸ ਨੂੰ ਹਮਲੇ ਤੋਂ ਬਾਅਦ ਭੱਜਦੇ ਵੇਖਿਆ ਜਾ ਸਕਦਾ ਹੈ ਅਤੇ ਇੱਕ ਔਰਤ ਉਸ ਦੇ ਪਿੱਛੇ ਆ ਰਹੀ ਹੈ ਅਤੇ ਉਸ ਦੀਆਂ ਡਿੱਗੀਆਂ ਚੀਜ਼ਾਂ ਚੁੱਕ ਰਹੀ ਹੈ।
ਮਨਪ੍ਰੀਤ ਦੀ ਪਤਨੀ ਰੁਪਿੰਦਰ ਨੇ ਕਿਹਾ ਕਿ ਹਮਲੇ ਤੋਂ ਪੰਜ ਕੁ ਮਿੰਟ ਪਹਿਲਾਂ ਹੀ ਮਨਪ੍ਰੀਤ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਸੀ ਕਿ ਉਹ ਘਰ ਵਾਪਸ ਆ ਰਿਹਾ ਹੈ। ਪਰ ਕੁਝ ਮਿੰਟਾਂ ਬਾਅਦ ਰੁਪਿੰਦਰ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਿ ਉਸ ਦੇ ਪਤੀ ਦੀ ਗਰਦਨ ਕੱਟ ਦਿੱਤੀ ਗਈ ਹੈ ਅਤੇ ਉਸ ਦਾ ਖੂਨ ਵਗ ਰਿਹਾ ਹੈ। ਸਿਰਫ਼ ਚਾਰ ਮਹੀਨੇ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਆਏ ਮਨਪ੍ਰੀਤ ਦੀਆਂ ਹਮਲੇ ਤੋਂ ਬਾਅਦ ਕਈ ਸਰਜਰੀ ਹੋ ਚੁੱਕੀਆਂ ਹਨ ਅਤੇ ਉਹ ਅਜੇ ਵੀ ICU ’ਚ ਹੈ ਅਤੇ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ।
28 ਅਤੇ 33 ਸਾਲ ਦੀਆਂ ਦੋ ਔਰਤਾਂ ’ਤੇ ਉਸ ’ਤੇ ਹਮਲਾ ਕਰਨ ਦਾ ਦੋਸ਼ ਹੈ ਅਤੇ ਫਿਲਹਾਲ ਉਹ ਹਿਰਾਸਤ ’ਚ ਹਨ। ਦਸਿਆ ਜਾ ਰਿਹਾ ਹੈ ਕਿ ਹਮਲੇ ਸਮੇਂ ਦੋਵੇਂ ਨਸ਼ੇ ’ਚ ਸਨ। ਤਜਰਬੇਕਾਰ ਨਰਸ ਰੁਪਿੰਦਰ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਪਤੀ ਦੀ ਜਾਨ ਬਚਾਈ। ਹਾਲਾਂਕਿ ਉਸ ਨੇ ਕਿਹਾ ਕਿ ਉਸ ਨੂੰ ਲੱਗ ਰਿਹਾ ਹੈ ਕਿ ਉਸ ਨੇ ਇਸ ਦੇਸ਼ ’ਚ ਆ ਕੇ ਗ਼ਲਤ ਕੀਤਾ।