ਮੈਲਬਰਨ : ਬ੍ਰਿਸਬੇਨ ਦੇ ਇਕ ਪਾਰਕ ‘ਚ ਇਕ ਵਿਅਕਤੀ ਨੇ 9 ਮਹੀਨੇ ਦੇ ਇਕ ਬੱਚੇ ‘ਤੇ ਗਰਮ ਕੌਫੀ ਪਾ ਦਿੱਤੀ, ਜਿਸ ਕਾਰਨ ਉਸ ਦਾ ਚਿਹਰਾ ਅਤੇ ਛਾਤੀ ਸੜ ਗਈ। ਇਹ ਘਟਨਾ ਮੰਗਲਵਾਰ ਨੂੰ ਸਟੋਨਜ਼ ਕਾਰਨਰ ਦੇ ਹੈਨਲੋਨ ਪਾਰਕ ਵਿਚ ਵਾਪਰੀ, ਜਿੱਥੇ ਬੱਚਾ ਅਤੇ ਉਸ ਦੀ ਮਾਂ ਪਿਕਨਿਕ ਦਾ ਅਨੰਦ ਲੈ ਰਹੇ ਸਨ। ਉਹ ਵਿਅਕਤੀ, ਜਿਸ ਦੀ ਪੁਲਿਸ ਸਰਗਰਮੀ ਨਾਲ ਭਾਲ ਕਰ ਰਹੀ ਹੈ, ਉਨ੍ਹਾਂ ਕੋਲ ਆਇਆ ਅਤੇ ਬੱਚੇ ‘ਤੇ ਗਰਮ ਕੌਫ਼ੀ ਪਾ ਕੇ ਭੱਜ ਗਿਆ।
ਪੁਲਿਸ ਨੇ ਇਸ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਦੀ ਉਮਰ 30 ਜਾਂ 40 ਸਾਲ ਦੇ ਕਰੀਬ ਦਸੀ ਜਾ ਰਹੀ ਹੈ, ਜਿਸ ਨੇ ਕਾਲੀ ਟੋਪੀ, ਚਸ਼ਮਾ, ਸ਼ਰਟ ਅਤੇ ਸ਼ਾਰਟਸ ਪਹਿਨੇ ਹੋਏ ਹਨ। ਬਾਲ ਸੁਰੱਖਿਆ ਅਤੇ ਜਾਂਚ ਇਕਾਈ ਇਸ ਘਟਨਾ ਦੀ ਗੰਭੀਰ ਹਮਲੇ ਵਜੋਂ ਜਾਂਚ ਕਰ ਰਹੀ ਹੈ। ਬੱਚਾ ਹਸਪਤਾਲ ’ਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਬੱਚੇ ਦੀ ਮਾਂ ਨੇ ਕਿਹਾ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਨੇੜੇ ਰਹਿੰਦੀ ਇੱਕ ਨਰਸ ਉਨ੍ਹਾਂ ਕੋਲ ਆਈ ਅਤੇ ਉਸ ਨੇ ਬੱਚੇ ਨੂੰ ਆਪਣੇ ਅਪਾਰਟਮੈਂਟ ’ਚ ਲਿਜਾ ਕੇ ਸ਼ਾਵਰ ਹੇਠਾਂ ਕਰ ਦਿੱਤਾ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਹਮਲੇ ਨਾਲ ਬੱਚੇ ਦੇ ਜਿਸਮ ’ਤੇ ਜ਼ਖ਼ਮੀ ਪੱਕੇ ਤੌਰ ’ਤੇ ਰਹਿਣਗੇ ਜਾਂ ਨਹੀਂ ਪਰ ਉਨ੍ਹਾਂ ਦੇ ਜ਼ਿਹਨ ’ਤੇ ਇਸ ਦੇ ਨਿਸ਼ਾਨ ਪੱਕੇ ਤੌਰ ’ਤੇ ਸਥਾਪਤ ਹੋ ਚੁੱਕੇ ਹਨ। ਉਸ ਨੇ ਕਿਹਾ, ‘‘ਪਤਾ ਨਹੀਂ ਕੌਣ ਅਜਿਹਾ ਹੋਵੇਗਾ ਜੋ ਸੋਚੇਗਾ ਕਿ ਏਨੇ ਛੋਟੇ ਬੱਚੇ ਨੂੰ ਨੁਕਸਾਨ ਪਹੁੰਚਾਉਣਾ ਚੰਗੀ ਗੱਲ ਹੈ। ਚੰਗਾ ਹੁੰਦਾ ਜੇ ਉਹ ਮੇਰੇ ’ਤੇ ਗਰਮ ਕੌਫ਼ੀ ਸੁੱਟ ਦਿੰਦਾ।’’