ਮੈਲਬਰਨ : Herald Sun ਅਤੇ Fox Footy ਦੇ 35 ਸਾਲ ਦੇ ਸਨਮਾਨਿਤ ਖੇਡ ਪੱਤਰਕਾਰ Sam Landsberger ਦੀ ਮੈਲਬਰਨ ਦੇ ਰਿਚਮੰਡ ਵਿਚ ਇਕ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਵਲੋਂ ਟੱਕਰ ਮਾਰ ਦੇਣ ਕਾਰਨ ਮੌਤ ਹੋ ਗਈ। ਹਾਦਸਾ ਸਵੇਰੇ 10:20 ਵਜੇ ਵਾਪਰਿਆ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ। ਨੇੜੇ ਹੀ ਸਥਿਤ ਇੱਕ ਡਾਕਟਰ ਨੇ ਉਸ ਦੀ CPR ਕੀਤੀ ਅਤੇ ਉਸ ਨੂੰ ਹਸਪਤਾਲ ਤਕ ਪਹੁੰਚਾਇਆ ਪਰ ਸੱਟਾਂ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 45 ਸਾਲ ਦੇ ਟਰੱਕ ਡਰਾਈਵਰ ਨੇ ਪੁਲਿਸ ਨਾਲ ਗੱਲ ਕੀਤੀ ਹੈ ਅਤੇ ਅਗਲੇਰੀ ਜਾਂਚ ਹੋਣ ਤੱਕ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
Sam Landsberger ਇੱਕ ਪ੍ਰਮੁੱਖ ਪੱਤਰਕਾਰ ਸੀ, ਜੋ ਫੁੱਟਬਾਲ ਦੇ ਡੂੰਘੇ ਗਿਆਨ ਅਤੇ ਖੇਡ ਪ੍ਰਤੀ ਆਪਣੇ ਜਨੂੰਨ ਲਈ ਜਾਣਿਆ ਜਾਂਦਾ ਸੀ। ਉਸ ਨੇ ਕਈ ਪੁਰਸਕਾਰ ਜਿੱਤੇ, ਜਿਸ ਵਿੱਚ ‘ਵਾਕਲੇ ਯੰਗ ਜਰਨਲਿਸਟ ਆਫ ਦਿ ਈਅਰ’ ਅਤੇ ‘ਸਪੋਰਟਸ ਨਿਊਜ਼ ਕੁਇਲ’ ਸ਼ਾਮਲ ਹਨ। ਉਹ Fox Footy ’ਤੇ ਅਕਸਰ ਦਿਸਦਾ ਹੁੰਦਾ ਸੀ ਅਤੇ ਹਾਲ ਹੀ ਵਿੱਚ ਪੈਰਿਸ ਓਲੰਪਿਕ ਖੇਡਾਂ ਨੂੰ ਕਵਰ ਕਰਨ ਤੋਂ ਵਾਪਸ ਆਇਆ ਸੀ। ਉਸ ਦੇ ਸਾਥੀਆਂ ਅਤੇ ਫੁੱਟਬਾਲ ਭਾਈਚਾਰੇ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਉਸ ਨੂੰ ‘ਸੱਚਮੁੱਚ ਚੰਗਾ ਆਦਮੀ’ ਅਤੇ ‘ਮੈਲਬਰਨ ਦੇ ਖੇਡ ਪੱਤਰਕਾਰੀ ਸੰਸਾਰ ਦਾ ਇੱਕ ਕੀਮਤੀ ਮੈਂਬਰ’ ਦੱਸਿਆ।