ਮੈਲਬਰਨ : ਪੰਜਾਬ ਦੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ‘Emergency’ ’ਚ ਸਿੱਖਾਂ ਦੀ ਪੇਸ਼ਕਾਰੀ ’ਤੇ ਇਤਰਾਜ਼ ਪ੍ਰਗਟਾਇਆ ਹੈ।
ਇੱਕ ਸੋਸ਼ਲ ਮੀਡੀਆ ਪੋਸਟ ’ਚ ਖ਼ਾਲਸਾ ਨੇ ਕਿਹਾ ਕਿ ਫ਼ਿਲਮ ’ਚ ਸਿੱਖਾਂ ਨੂੰ ਨਕਾਰਾਤਮਕ ਰੂਪ ’ਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫ਼ਿਲਮ ’ਚ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਵਜੋਂ ਦਿਖਾਇਆ ਗਿਆ ਹੈ, ਜੋ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਫਿਲਮ ‘ਤੇ ਪਾਬੰਦੀ ਲਗਾਈ ਜਾਵੇ ਕਿਉਂਕਿ ਇਸ ਨਾਲ ਸਿੱਖਾਂ ਪ੍ਰਤੀ ਨਫ਼ਰਤ ਭੜਕ ਸਕਦੀ ਹੈ ਅਤੇ ਫਿਰਕੂ ਸਦਭਾਵਨਾ ਨਾਲ ਸਮਝੌਤਾ ਹੋ ਸਕਦਾ ਹੈ। ਪੋੋਸਟ ’ਚ ਉਨ੍ਹਾਂ ਨੇ ਸਿੱਖਾਂ ਵੱਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਨੂੰ ਵੀ ਉਜਾਗਰ ਕੀਤਾ ਅਤੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਆਪਣੀ ਪੋਸਟ ਨਾਲ ਇੱਕ ਤਸਵੀਰ ਵੀ ਪੋਸਟ ਕੀਤੀ ਜੋ ਕਿ ਫ਼ਿਲਮ ਦੇ ਟਰੇਲਰ ’ਚੋਂ ਲਈ ਗਈ ਹੈ ਜਿਸ ’ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਦਿਸਣ ਵਾਲਾ ਇੱਕ ਕਿਰਦਾਰ ਵਿਖਾਇਆ ਗਿਆ ਹੈ ਜਿਸ ’ਤੇ ਵੀ ਸੰਤ ਭਿੰਡਰਾਂਵਾਲਿਆਂ ਬਾਰੇ ਗ਼ਲਤ ਤੱਥ ਪੇਸ਼ ਕਰਨ ਦਾ ਦੋਸ਼ ਹੈ।