ਹਸਪਤਾਲਾਂ ’ਚ IV fluid ਦੀ ਕਮੀ ਤੋਂ ਮਰੀਜ਼ ਪ੍ਰੇਸ਼ਾਨ, ਸਿਹਤ ਮੰਤਰੀਆਂ ਨੇ ਕੀਤੀ ਮੀਟਿੰਗ

ਮੈਲਬਰਨ : ਆਸਟ੍ਰੇਲੀਆ ਦੇ ਸਿਹਤ ਮੰਤਰੀਆਂ ਨੇ ਹਾਲ ਹੀ ਵਿੱਚ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ ਲਗਾਈ ਜਾਣ ਵਾਲੀ ਡਰਿੱਪ (IV fluid) ਦੀ ਘਾਟ ਬਾਰੇ ਵਿਚਾਰ ਵਟਾਂਦਰੇ ਲਈ ਮੁਲਾਕਾਤ ਕੀਤੀ। IV fluid ਦੀ ਇਹ ਕਮੀ ਵਧੀ ਹੋਈ ਮੰਗ ਅਤੇ ਨਿਰਮਾਣ ’ਚ ਰੁਕਾਵਟਾਂ ਕਾਰਨ ਚੱਲ ਰਹੀ ਹੈ। ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ, ਪਰ ਇਹ ਘਾਟ ਪੂਰੇ ਸਾਲ ਜਾਰੀ ਰਹਿਣ ਦੀ ਉਮੀਦ ਹੈ।

IV fluid ਦੀ ਕਮੀ ਕਾਰਨ ਕਈ ਥਾਵਾਂ ’ਤੇ ਮਰੀਜ਼ਾਂ ਦੀ ਸਰਜਰੀ ’ਚ ਦੇਰ ਹੋ ਰਹੀ ਹੈ ਅਤੇ ਮਰੀਜ਼ਾਂ ਨੂੰ ਹਸਪਤਾਲ ਜ਼ਿਆਦਾ ਦੇਰ ਦਾਖ਼ਲ ਹੋਣਾ ਪੈ ਰਿਹਾ ਹੈ। ਕਈ ਹਸਪਤਾਲਾਂ ’ਚ ਤਾਂ ਮਰੀਜ਼ਾਂ ਨੂੰ IV fluid ਦੇ ਬਦਲ ਵਜੋਂ ਪਾਣੀ ਪੀਣ ਲਈ ਕਿਹਾ ਜਾ ਰਿਹਾ ਹੈ ਅਤੇ ਸਰਜਰੀ ਨੂੰ ਟਾਲਿਆ ਜਾ ਰਿਹਾ ਹੈ।

ਇਸ ਮੁੱਦੇ ਨੂੰ ਹੱਲ ਕਰਨ ਲਈ, ਸਟੇਟਸ ਅਤੇ ਟੈਰੀਟੋਰੀਜ਼ ਵਿੱਚ ਕੋਸ਼ਿਸ਼ਾਂ ਦੇ ਤਾਲਮੇਲ ਲਈ ਇੱਕ ਪ੍ਰਤੀਕਿਰਿਆ ਸਮੂਹ ਦੀ ਸਥਾਪਨਾ ਕੀਤੀ ਗਈ ਹੈ। ਇਹ ਸਮੂਹ IV fluid ਦੀ ਵੰਡ ਲਈ ਰਾਸ਼ਟਰੀ ਪਹੁੰਚ ਨੂੰ ਯਕੀਨੀ ਬਣਾਉਣ ਅਤੇ ਸਥਾਨਕ ਉਤਪਾਦਨ ਸਮੇਤ ਵਾਧੂ ਖਰੀਦ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਹਰ ਹਫਤੇ ਮੀਟਿੰਗ ਕਰੇਗਾ।