ਮੈਲਬਰਨ : ਪਿੱਛੇ ਜਿਹੇ ਜਾਰੀ ਇੱਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਨੇ ਵੀਜ਼ਾ ਦੀ ਐਪਲੀਕੇਸ਼ਨ ਪਾਉਣ ਵਾਲੇ 70٪ ਤੋਂ ਵੱਧ ਫਲਸਤੀਨੀਆਂ ਲਈ ਵੀਜ਼ਾ ਰੱਦ ਕਰ ਦਿੱਤਾ ਹੈ, ਜਦੋਂ ਕਿ 97.4٪ ਇਜ਼ਰਾਈਲੀਆਂ ਦਾ ਵੀਜ਼ਾ ਮਨਜ਼ੂਰ ਕਰ ਦਿੱਤਾ ਗਿਆ। ਵੀਜ਼ਾ ਪ੍ਰਵਾਨਗੀ ਦਰਾਂ ਵਿੱਚ ਇਹ ਵੱਡੀ ਨਾਬਰਾਬਰੀ ਨੇ ਆਸਟ੍ਰੇਲੀਆ ਦੀ ਵੀਜ਼ਾ ਪ੍ਰਕਿਰਿਆ ਪ੍ਰਣਾਲੀ ਵਿੱਚ ਸੰਭਾਵਿਤ ਪੱਖਪਾਤ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ।
ਿਪਛਲੇ 10 ਮਹੀਨਿਆਂ ਦੌਰਾਨ ਫ਼ਲਸਤੀਨ ਤੋਂ ਪ੍ਰਾਪਤ 10,033 ਵੀਜ਼ਾ ਐਪਲੀਕੇਸ਼ਨਾਂ ’ਚੋਂ ਸਿਰਫ਼ 2922 ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ’ਚੋਂ ਸਿਰਫ਼ 1300 ਸ਼ਰਨਾਰਥੀ ਆਸਟ੍ਰੇਲੀਆ ’ਚ ਆਏ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਥੋੜ੍ਹੇ ਸਮੇਂ ਦੇ ਵੀਜ਼ਾ ’ਤੇ ਹਨ। ਦੂਜੇ ਪਾਸੇ 9746 ਇਜ਼ਰਾਈਲੀ ਨਾਗਰਿਕਾਂ ਨੂੰ 7 ਅਕਤੂਬਰ ਦੇ ਹਮਲੇ ਤੋਂ ਬਾਅਦ ਵੀਜ਼ਾ ਦਿੱਤਾ ਗਿਆ। ਸਿਰਫ਼ 235 ਐਪਲੀਕੇਸ਼ਨਾਂ ਨੂੰ ਨਾਮਨਜ਼ੂਰ ਕੀਤਾ ਗਿਆ।
ਮਨੁੱਖੀ ਅਧਿਕਾਰ ਸਮੂਹਾਂ ਅਤੇ ਵਕੀਲਾਂ ਨੇ ਚਿੰਤਾ ਜ਼ਾਹਰ ਕਰਦਿਆਂ ਦਲੀਲ ਦਿੱਤੀ ਹੈ ਕਿ ਆਸਟ੍ਰੇਲੀਆ ਦੀ ਵੀਜ਼ਾ ਪ੍ਰਕਿਰਿਆ ਪ੍ਰਣਾਲੀ ਨਿਰਪੱਖ, ਪਾਰਦਰਸ਼ੀ ਅਤੇ ਪੱਖਪਾਤ ਤੋਂ ਮੁਕਤ ਹੋਣੀ ਚਾਹੀਦੀ ਹੈ। ਨਤੀਜਿਆਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।