ਮੈਲਬਰਨ : ਆਸਟ੍ਰੇਲੀਆ ’ਚ ਵਿਦੇਸ਼ੀ ਡਿਪਲੋਮੈਟਾਂ ਵੱਲੋਂ ਘਰੇਲੂ ਨੌਕਰਾਂ ਦਾ ਸੋਸ਼ਣ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਖ਼ਾਸ ਕਰ ਕੇ ਭਾਰਤ, ਪਾਕਿਸਤਾਨ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ’ਚੋਂ ਅਜਿਹੇ ਜ਼ਿਆਦਾਤਰ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ’ਚ ਸ਼੍ਰੀਲੰਕਾ ਦੀ ਰਹਿਣ ਵਾਲੀ ਪ੍ਰਿਯੰਕਾ ਦਨਾਰਤਨਾ 2015 ਤੋਂ 2018 ਤੱਕ ਆਸਟ੍ਰੇਲੀਆ ਦੇ ਕੈਨਬਰਾ ’ਚ ਸ਼੍ਰੀਲੰਕਾਈ ਡਿਪਲੋਮੈਟ ਹਿਮਾਲੀ ਸੁਭਾਸ਼ੀਨੀ ਡੀ ਸਿਲਿਆ ਅਰੁਣਾਤਿਲਾਕਾ ਦੇ ਘਰ ਘਰੇਲੂ ਨੌਕਰ ਦੇ ਤੌਰ ’ਤੇ ਗ਼ੁਲਾਮਾਂ ਵਾਂਗ ਕੰਮ ਕਰਵਾਉਂਦੀ ਰਹੀ। ਦਨਾਰਤਨ ਦਾ ਕੇਸ ਆਧੁਨਿਕ ਗੁਲਾਮੀ ਦੀ ਇੱਕ ਉਦਾਹਰਣ ਹੈ, ਜਿਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਦੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਗਿਆ ਹੈ।
ਉਸ ਨੂੰ ਤਿੰਨ ਸਾਲਾਂ ਤਕ ਉਸ ਦੇ ਕੰਮ ਲਈ ਸਿਰਫ 11,212 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ, ਜੋ ਲਗਭਗ 65 ਸੈਂਟ ਪ੍ਰਤੀ ਘੰਟਾ ਦੇ ਬਰਾਬਰ ਸੀ। ਇਹੀ ਨਹੀਂ ਉਸ ਨੂੰ ਬਗ਼ੈਰ ਕਿਸੇ ਛੁੱਟੀ ਤੋਂ ਲਗਾਤਾਰ ਤਿੰਨ ਸਾਲਾਂ ਤਕ ਕੰਮ ਕਰਨਾ ਪਿਆ। ਇਸ ਦੌਰਾਨ ਉਸ ਨੂੰ ਸਿਰਫ਼ 2 ਦਿਨਾਂ ਦੀ ਛੁੱਟੀ ਦਿੱਤੀ ਗਈ ਜਦੋਂ ਉਸ ਦੇ ਹੱਥ ’ਤੇ ਜ਼ਖ਼ਮ ਹੋ ਗਿਆ ਸੀ।
ਫੈਡਰਲ ਕੋਰਟ ਨੇ ਪਾਇਆ ਕਿ ਅਰੁਣਾਤਿਲਕਾ ਨੇ ਫੇਅਰ ਵਰਕ ਐਕਟ ਦੀ ਉਲੰਘਣਾ ਕੀਤੀ ਅਤੇ ਉਸ ਨੂੰ ਦਨਾਰਤਨਾ ਨੂੰ ਬਕਾਇਆ ਤਨਖਾਹ ਅਤੇ ਵਿਆਜ ਵਜੋਂ 543,000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਦਨਾਰਤਨ ਵਰਗੇ ਕਮਜ਼ੋਰ ਕਾਮਿਆਂ ਲਈ ਵਧੇਰੇ ਸੁਰੱਖਿਆ ਦੀ ਮੰਗ ਉੱਠ ਰਹੀ ਹੈ।