ਮੈਲਬਰਨ : ਮਸ਼ਹੂਰ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਦੀ ਮੌਤ ਦੇ ਸਬੰਧ ਵਿੱਚ 41 ਸਾਲ ਦੀ ਜਸਵੀਨ ਸੰਘਾ ਨੂੰ ਅਮਰੀਕੀ ਸ਼ਹਿਰ ਲਾਸ ਏਂਜਲਿਸ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਕਤੂਬਰ 2023 ਵਿੱਚ ਮੈਥਿਊ ਪੈਰੀ ਦੀ ਕੈਟਾਮਾਈਨ ਓਵਰਡੋਜ਼ ਨਾਲ ਮੌਤ ਹੋ ਗਈ ਸੀ ਜਿਸ ਦੀ ਸਪਲਾਈ ਕਥਿਤ ਤੌਰ ’ਤੇ ‘ਕੇਟਾਮਾਈਨ ਕੁਈਨ’ ਵਜੋਂ ਮਸ਼ਹੂਰ ਜਸਵੀਨ ਸੰਘਾ ਵੱਲੋਂ ਕੀਤੀ ਗਈ ਸੀ।
ਅਮਰੀਕੀ ਅਤੇ ਬ੍ਰਿਟਿਸ਼ ਦੋਹਰੀ ਨਾਗਰਿਕਤਾ ਰੱਖਣ ਵਾਲੀ ਸੰਘਾ ’ਤੇ ਕਈ ਮਸ਼ਹੂਰ ਹਸਤੀਆਂ ਨੂੰ ਡਰੱਗਜ਼ ਸਪਲਾਈ ਕਰਨ ਦੇ 18 ਹੋਰ ਦੋਸ਼ ਵੀ ਲਗਾਏ ਗਏ ਹਨ, ਜਿਨ੍ਹਾਂ ’ਚ ਕੈਟਾਮਾਈਨ ਵੰਡਣ ਦੀ ਸਾਜਿਸ਼ ਰਚਣਾ, ਨਸ਼ੀਲੇ ਪਦਾਰਥਾਂ ਨਾਲ ਜੁੜੇ ਇਕ ਅਹਾਤੇ ਦੀ ਦੇਖਭਾਲ ਕਰਨਾ ਅਤੇ ਮੈਥਾਮਫੇਟਾਮਾਈਨ ਅਤੇ ਕੇਟਾਮਾਈਨ ਨੂੰ ਵੇਚਣ ਦੇ ਇਰਾਦੇ ਨਾਲ ਆਪਣੇ ਕੋਲ ਰੱਖਣਾ ਸ਼ਾਮਲ ਹੈ।
ਖ਼ੁਦ ਨੂੰ ਗਾਇਕ ਦੱਸਣ ਵਾਲੀ ਸੰਘਾ ਨੇ ਕਥਿਤ ਤੌਰ ’ਤੇ ਪੈਰੀ ਨੂੰ ਉਸ ਦੀ ਮੌਤ ਤੋਂ ਪਹਿਲਾਂ ਦੇ ਹਫਤਿਆਂ ਵਿੱਚ ਉੱਚ ਕੁਆਲਿਟੀ ਵਾਲੇ ਕੈਟਾਮਾਈਨ ਦੀ ਸਪਲਾਈ ਕੀਤੀ ਅਤੇ ਇੱਕ ਸਹਿਯੋਗੀ ਨੂੰ ਉਸ ਦੀ ਮੌਤ ਤੋਂ ਬਾਅਦ ਡਿਜੀਟਲ ਸਬੂਤ ਮਿਟਾਉਣ ਲਈ ਕਿਹਾ।
ਸੰਘਾ ਦੀ ਗ੍ਰਿਫਤਾਰੀ ਇਕ ਵੱਡੇ ਆਪਰੇਸ਼ਨ ਦਾ ਹਿੱਸਾ ਸੀ ਜਿਸ ਦੇ ਨਤੀਜੇ ਵਜੋਂ ਦੋ ਡਾਕਟਰਾਂ ਅਤੇ ਪੈਰੀ ਦੇ ਲਿਵ-ਇਨ ਸਹਾਇਕ ਸਮੇਤ ਪੰਜ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੈਰੀ ਦੀ ਮੌਤ ਨੂੰ ਲੈ ਕੇ ਸੰਘਾ ਨੂੰ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹੀ ਨਹੀਂ 2019 ’ਚ ਕੋਡੀ ਮੈਕਲਾਰੀ ਦੀ ਮੌਤ ਦੇ ਕੇਸ ’ਚ ਵੀ ਜਸਵੀਨ ਸੰਘਾ ’ਤੇ ਦੋਸ਼ ਲੱਗੇ ਹਨ।