ਮੈਲਬਰਨ : ਵਾਲਟਰ ਐਂਡ ਐਲੀਜ਼ਾ ਹਾਲ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੇ ਮੈਲਬਰਨ ਸਥਿਤ ਵਿਗਿਆਨੀਆਂ ਨੇ ਇਕ ਅਜਿਹੀ ਖੋਜ ਕੀਤੀ ਹੈ ਜੋ ਬੁਢਾਪੇ ਦੇ ਅਸਰਾਂ ਨੂੰ ਹੌਲੀ ਕਰਨ ਵਿਚ ਮਦਦ ਕਰ ਸਕਦੀ ਹੈ। ਦਰਅਸਲ ਸਾਡੇ ਸਰੀਰ ’ਚ ਦਿਲ ਦੇ ਨੇੜੇ ਥਾਈਮਸ ਨਾਂ ਦਾ ਇੱਕ ਅੰਗ ਹੁੰਦਾ ਹੈ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਟੀ-ਸੈੱਲ ਨਾਮਕ ਪ੍ਰਤੀਰੋਧਕ ਸੈੱਲ ਪੈਦਾ ਕਰਦਾ ਹੈ। ਬਚਪਨ ’ਚ ਥਾਈਮਸ ਵੱਡਾ ਹੁੰਦਾ ਹੈ ਪਰ ਜਵਾਨੀ ਸ਼ੁਰੂ ਹੁੰਦਿਆਂ ਹੀ ਇਹ ਸੁੰਗੜ ਜਾਂਦਾ ਹੈ ਅਤੇ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਬਿਮਾਰੀਆਂ ਨਾਲ ਲੜਨਾ ਮੁਸ਼ਕਲ ਹੋ ਜਾਂਦਾ ਹੈ। ਲਗਭਗ 65 ਸਾਲ ਦੀ ਉਮਰ ਤੱਕ ਇਸ ਦਾ ਕੰਮ ਬਿਲਕੁਲ ਬੰਦ ਹੋ ਜਾਂਦਾ ਹੈ।
ਵਿਗਿਆਨੀਆਂ ਨੇ ਨਵੀਂ ਖੋਜ ਕੀਤੀ ਹੈ ਕਿ ਥਾਈਮਸ ਵਿਚਲੇ ਸਕਾਰ ਟਿਸ਼ੂ ਇਸ ਦੇ ਕੰਮ ਨੂੰ ਉਮਰ ਵਧਣ ਨਾਲ ਰੋਕ ਦਿੰਦੇ ਹਨ। ਇਸੇ ਕਾਰਨ ਉਮਰ ਦੇ ਵਧਣ ਨਾਲ ਪ੍ਰਤੀਰੋਧਕ ਸਮਰਥਾ ’ਚ ਗਿਰਾਵਟ ਆਉਂਦੀ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਥਾਈਮਸ ਦਾ ਕੰਮ ਮੁੜ ਚਾਲੂ ਕਰਨ ਨਾਲ ਇਮਿਊਨ ਸਿਸਟਮ ਤੇਜ਼ ਹੋ ਸਕਦਾ ਹੈ। ਵਿਗਿਆਨੀ ਹੁਣ ਥਾਈਮਸ ਨੂੰ ਮੁੜ ਸੁਰਜੀਤ ਕਰਨ ਲਈ ਇਲਾਜ ਵਿਕਸਤ ਕਰਨ ’ਤੇ ਕੰਮ ਕਰ ਰਹੇ ਹਨ। ਇਹ ਸਫਲਤਾ ਸੰਭਾਵਤ ਤੌਰ ’ਤੇ ਸਰੀਰ ਨੂੰ ਮੁੜ ਜਵਾਨ ਬਣਾਉਣ ਦਾ ਰਾਹ ਖੋਲ੍ਹ ਸਕਦੀ ਹੈ ਅਤੇ ਲੋਕਾਂ ਨੂੰ ਵਧਦੀ ਉਮਰ ਦੇ ਨਾਲ ਸਿਹਤਮੰਦ ਰਹਿਣ ਵਿੱਚ ਮਦਦ ਕਰ ਸਕਦੀ ਹੈ।