ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਨੂੰ ਆਪਣੀ ਤੇਜ਼ ਰਫ਼ਤਾਰ ਨਾਲ ਟੱਕਰ ਮਾਰਨ ਵਾਲੇ 19 ਸਾਲ ਦੇ ਧੀਰੇਨ ਸਿੰਘ ਰੰਧਾਵਾ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ। ਪਿਛਲੇ ਸਾਲ ਨਵੰਬਰ ’ਚ Goolwa Beach ’ਤੇ ਵਾਪਰੇ ਇਸ ‘ਹਿੱਟ ਐਂਡ ਰਨ’ ਹਾਦਸੇ ’ਚ ਚਾਰਲੀ ਸਟੀਵਨਜ਼ (18) ਦੀ ਮੌਤ ਹੋ ਗਈ ਸੀ। ਰੰਧਾਵਾ ਨੂੰ 3 ਅਕਤੂਬਰ ਨੂੰ ਅਦਾਲਤ ਵਿੱਚ ਸਜ਼ਾ ਸੁਣਾਈ ਜਾਵੇਗੀ, ਜਿੱਥੇ ਸਟੀਵਨਜ਼ ਪਰਿਵਾਰ ਆਪਣੇ ਪੁੱਤਰ ਦੇ ਮਾਰੇ ਜਾਣ ਮਗਰੋਂ ਆਪਣੇ ’ਤੇ ਪੈਣ ਵਾਲੇ ਅਸਰ ਬਾਰੇ ਰੰਧਾਵਾ ਸਾਹਮਣੇ ਬਿਆਨ ਸਾਂਝੇ ਕਰੇਗਾ।
ਚਾਰਲੀ ਸਟੀਵਨਜ਼ ਨੂੰ ਸਿਰ ’ਚ ਗੰਭੀਰ ਸੱਟ ਲੱਗੀ ਸੀ ਅਤੇ ਅਗਲੇ ਦਿਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਰੰਧਾਵਾ ਨੇ ਜੂਨ ’ਚ ਖ਼ੁਦ ਨੂੰ ਅਦਾਲਤ ’ਚ ਦੋਸ਼ੀ ਮੰਨ ਲਿਆ ਸੀ, ਜਿਸ ਦੇ ਨਤੀਜੇ ਵਜੋਂ ਉਸ ’ਤੇ ਹੋਰ ਗੰਭੀਰ ਦੋਸ਼ ਵਾਪਸ ਲੈ ਲਏ ਗਏ ਸਨ। ਸਟੀਵਨਜ਼ ਪਰਿਵਾਰ ਨੂੰ ਰੰਧਾਵਾ ਵੱਲੋਂ ਮੁਆਫੀ ਮੰਗਣ ਦਾ ਪੱਤਰ ਵੀ ਮਿਲਿਆ ਸੀ। ਰੰਧਾਵਾ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਏ ਜਾਣ ਤੱਕ ਜ਼ਮਾਨਤ ‘ਤੇ ਭੇਜ ਦਿੱਤਾ ਗਿਆ ਹੈ।