ਮੈਲਬਰਨ ’ਚ ਵੇਖਣ ਨੂੰ ਮਿਲਣਗੀਆਂ ਉੱਡਣ ਵਾਲੀਆਂ ਕਾਰਾਂ, ਜਾਣੋ ਤੁਸੀਂ ਕਦੋਂ ਤਕ ਸਵਾਰੀ ਕਰ ਸਕੋਗੇ ਉੱਡਣ ਵਾਲੀ ਟੈਕਸੀ ’ਚ

ਮੈਲਬਰਨ : ਮੈਲਬਰਨ ਦੇ ਆਸਮਾਨ ’ਚ ਹੁਣ ਤੁਹਾਨੂੰ ਸਿਰਫ਼ ਹਵਾਈ ਜਹਾਜ਼ ਹੀ ਨਹੀਂ ਵੱਡੀ ਗਿਣਤੀ ’ਚ ਡਰੋਨ ਵੀ ਉਡਦੇ ਦਿਸਣਗੇ। ਪਿਛਲੇ ਦਿਨੀਂ ਡਰੋਨ ਰਾਹੀਂ ਫ਼ੂਡ ਡਿਲੀਵਰੀ ਸਰਵਿਸ ਸ਼ੁਰੂ ਹੋਣ ਤੋਂ ਬਾਅਦ ਚੀਨ ਦੀ ਕਾਰ ਕੰਪਨੀ Xpeng ਨੇ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੇ ਕੁੱਝ ਸਾਲਾਂ ’ਚ ਉਡਦੀਆਂ ਕਾਰਾਂ ਮੈਲਬਰਨ ’ਚ ਲੈ ਕੇ ਆਵੇਗੀ।

Xpeng ਮੈਲਬਰਨ ’ਚ ਸ਼ੁਰੂ ਹੋਣ ਜਾ ਰਹੇ Electric SUV Expo ’ਚ ਆਪਣੀ ਇਸ ਉੱਡਣ ਵਾਲੀ ਕਾਰ ਦਾ ਪ੍ਰਦਰਸ਼ਨ ਕਰੇਗੀ ਜਿਸ ਨੂੰ eVTOL (electric vertical take-off and landing) ਦੇ ਨਾਂ ਨਾਲ ਜਾਣਿਆ ਜਾਵੇਗਾ। ਹਾਲਾਂਕਿ ਕਾਨੂੰਨੀ ਇਜਾਜ਼ਤ ਨਾ ਮਿਲਣ ਕਾਰਨ ਇਹ ਮੈਲਬਰਨ ਦੇ CBD ’ਤੇ ਉਡਾਨ ਨਹੀਂ ਭਰ ਸਕੇਗੀ ਪਰ ਲੋਕ ਇਸ ਨੂੰ ਐਕਪੋ ’ਚ ਜਾ ਕੇ ਵੇਖ ਸਕਣਗੇ।

ਬਾਜ਼ਾਰ ’ਚ ਖ਼ਰੀਦਣ ਲਈ ਇਹ ਅਗਲੇ ਸਾਲ ਹੀ ਮੁਹੱਈਆ ਹੋ ਸਕੇਗੀ ਜਿਸ ਦੀ ਰਫ਼ਤਾਰ 133 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਪਰ ਇਹ ਉੱਡਣ ਵਾਲੀਆਂ ਕਾਰਾਂ ਅਜੇ 35 ਕੁ ਕਿੰਟ ਹੀ ਹਵਾ ’ਚ ਰਹਿ ਸਕਦੀਆਂ, ਜਿਸ ਕਾਰਨ ਤੁਸੀਂ ਇਨ੍ਹਾਂ ’ਚ 75 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਨਹੀਂ ਕਰ ਸਕਦੇ। ਸ਼ੁਰੂ ’ਚ ਇਹ ਐਮਰਜੈਂਸੀ ਸੇਵਾਵਾਂ, ਫ਼ਲੀਟ ਆਪਰੇਟਰਾਂ ਅਤੇ ਏਅਰਪੋਰਟ ਸ਼ਟਲ ਆਪਰੇਟਰਾਂ ਵੱਲੋਂ ਪ੍ਰਯੋਗ ਕੀਤੇ ਜਾਣ ਦੀ ਸੰਭਾਵਨਾ ਹੈ।

200,000 ਡਾਲਰ ਦੀ X2 ਦੇ ਬਾਜ਼ਾਰ ’ਚ ਆਉਣ ਤੋਂ ਪਹਿਲਾਂ ਹੀ ਫਲਾਇੰਗ ਰੇਸਿੰਗ ਕਾਰ ਨਿਰਮਾਤਾ Alauda Aeronautics ਅਤੇ ਇਲੈਕਟ੍ਰਿਕ ਏਰੋ ਐਂਬੂਲੈਂਸ ਡਿਵੈਲਪਰ AMSL Aero ਵਰਗੇ ਆਸਟ੍ਰੇਲੀਆਈ ਖੋਜਕਰਤਾਵਾਂ ਨੇ ਪਹਿਲਾਂ ਹੀ ਆਪਣੇ Vertiia eVTOL ਲਈ ਆਰਡਰ ਪ੍ਰਾਪਤ ਕਰ ਲਏ ਹਨ। ਇਨ੍ਹਾਂ ਦੇ 2026 ਤੱਕ ਕਾਰਗੋ ਅਤੇ 2027 ਤੱਕ ਲੋਕਾਂ ਨੂੰ ਲੈ ਕੇ ਉਡਾਣ ਭਰਨ ਦੀ ਉਮੀਦ ਹੈ।