ਮੈਲਬਰਨ : “Neighbours,” “Shantaram,” ਅਤੇ “The Block,” ‘ਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਪੰਜਾਬੀ ਮੂਲ ਦੀ ਸ਼ੈਰੋਨ ਜੌਹਲ ਆਸਟ੍ਰੇਲੀਆ ਦੇ ਮਸ਼ਹੂਰ ਟੀ.ਵੀ. ਸੀਰੀਜ਼ “The Twelve” ਦੇ ਸੀਜ਼ਨ 2 ‘ਚ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸ਼ੋਅ ’ਚ ਉਹ ਸਾਬਤ ਸੂਰਤ ਸਿੱਖ ਔਰਤ ਦੀ ਭੂਮਿਕਾ ’ਚ ਹੈ ਆਪਣੇ ਸਿਰ ’ਤੇ ਕੇਸਕੀ ਵੀ ਬੰਨ੍ਹਦੀ ਹੈ, ਜੋ ਆਸਟ੍ਰੇਲੀਆ ’ਚ ਕਿਸੇ ਔਰਤ ਲਈ ਇਸ ਤਰ੍ਹਾਂ ਦੀ ਪਹਿਲੀ ਭੂਮਿਕਾ ਹੋਵੇਗੀ। ਇਹ ਕ੍ਰਾਈਮ ਡਰਾਮਾ ਵੈਸਟਰਨ ਆਸਟ੍ਰੇਲੀਆ ‘ਤੇ ਆਧਾਰਿਤ ਹੈ, ਜੋ 12 ਜੂਰੀ ਮੈਂਬਰਾਂ ਅਤੇ ਪ੍ਰਮੁੱਖ ਕ੍ਰਾਈਮ ਬੈਰਿਸਟਰ ਬ੍ਰੇਟ ਕੋਲਬੀ ਦੀਆਂ ਨਜ਼ਰਾਂ ਨਾਲ ਵੇਖੇ ਗਏ ਕਤਲ ਦੇ ਮੁਕੱਦਮੇ ‘ਤੇ ਕੇਂਦਰਿਤ ਹੈ। ਜੌਹਲ ਨੇ ਇਸ ’ਚ ਆਸਟ੍ਰੇਲੀਆ ਵਿੱਚ ਜਨਮੀ ਸਿੱਖ ਔਰਤ Parvinder Sanger ਦਾ ਕਿਰਦਾਰ ਨਿਭਾਇਆ ਹੈ।
ਜੌਹਲ ਨੇ ਮੀਡੀਆ ਨਾਲ ਗੱਲਬਾਤ ’ਚ ਆਪਣੀ ਇਸ ਭੂਮਿਕਾ ਬਾਰੇ ਦਸਿਆ ਕਿ ਉਸ ਨੇ ਇਸ ਲਈ ਦੋ ਵਾਰ ਆਡੀਸ਼ਨ ਦਿੱਤਾ, ਜਿਸ ਵਿੱਚ ਉਸ ਦੇ ਕਿਰਦਾਰ ਦੀ ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਉਹ ਸਾਊਥ ਆਸਟ੍ਰੇਲੀਆ ਦੇ ਇੱਕ ਸਿੱਖ ਪੰਜਾਬੀ ਪਰਿਵਾਰ ਵਿੱਚ ਵੱਡੀ ਹੋਈ। ਉਸ ਨੂੰ ਉਸ ਦੇ ਮਾਪਿਆਂ ਨੇ 15 ਸਾਲ ਦੀ ਉਮਰ ’ਚ ਹਿਮਾਲਿਆ ਦੇ ਇੱਕ ਸਕੂਲ ਵਿੱਚ ਅੱਠ ਮਹੀਨਿਆਂ ਲਈ ਭੇਜਿਆ ਸੀ ਜਿੱਥੇ ਉਸ ਨੇ ਕੇਸਕੀ ਬੰਨ੍ਹਣ ਸਮੇਤ ਸਿੱਖ ਪਰੰਪਰਾਵਾਂ ਬਾਰੇ ਸਿੱਖਿਆ। ਜੌਹਲ ਦਾ ਕਹਿਣਾ ਹੈ ਕਿ ਇਸ ਟੀ.ਵੀ. ਸੀਰੀਜ਼ ’ਚ ਕੰਮ ਕਰਨ ਬਾਰੇ ਉਸ ਦੀ ਸ਼ਰਤ ਇਹ ਸੀ ਕਿ ਉਸ ਦਾ ਕਿਰਦਾਰ ਨਾਕਾਰਾਤਮਕ ਭੂਮਿਕਾ ਵਾਲਾ ਨਾ ਹੋਵੇ, ਜਿਵੇਂ ਕਿ ਅਕਸਰ ਗ਼ੈਰ-ਗੋਰੀ ਚਮੜੀ ਵਾਲੇ ਲੋਕਾਂ ਨੂੰ ਆਸਟ੍ਰੇਲੀਆ ’ਚ ਬਣਾਏ ਜਾਂਦੇ ਸਿਨੇਮਾ ਜਾਂ ਟੀ.ਵੀ. ਸੀਰੀਅਲਾਂ ’ਚ ਵਿਖਾਇਆ ਜਾਂਦਾ ਹੈ। ਉਸ ਨੇ ਕਿਹਾ ਕਿ ਉਸ ਦੀ ਮੰਗ ਪ੍ਰਵਾਨ ਵੀ ਹੋਈ ਅਤੇ ਉਹ ਇਸ ਸੀਰੀਅਲ ’ਚ ਇੱਕ ਨਰਸ ਦੀ ਭੂਮਿਕਾ ’ਚ ਹੈ।
ਵਕਾਲਤ ਦਾ ਪੇਸ਼ਾ ਛੱਡ ਕੇ ਐਕਟਿੰਗ ਨੂੰ ਚੁਣਨ ਵਾਲੀ ਜੌਹਲ ਕਹਿੰਦੀ ਹੈ, ‘‘ਇਹ ਮੇਰੇ ਲਈ ਨਿੱਜੀ ਤੌਰ ‘ਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਵਾਲਾ ਸਾਬਤ ਹੋਇਆ। ਆਪਣੇ ਸੱਭਿਆਚਾਰ ਅਤੇ ਧਰਮ ਨਾਲ ਦੁਬਾਰਾ ਜੁੜਨਾ, ਿਜਵੇਂ ਮੈਂ 15 ਸਾਲ ਦੀ ਉਮਰ ’ਚ ਜੁੜੀ ਸੀ, ਕਿਉਂਕਿ ਸ਼ਾਇਦ ਲਾਜ਼ਮੀ ਤੌਰ ’ਤੇ, ਇਹੀ ਮੇਰਾ ਅੱਗੇ ਵਧਣ ਦਾ ਰਸਤਾ ਹੋਵੇਗਾ।’’ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ, ਜੌਹਲ ਨੇ ਸ਼ੋਅ ਦੇ ਕਾਸਟਿਊਮ ਵਿਭਾਗ ਨਾਲ ਨੇੜਿਓਂ ਕੰਮ ਕੀਤਾ ਅਤੇ ਆਪਣੇ ਤਜਰਬਿਆਂ ਅਤੇ ਖੋਜ ਨੂੰ ਸ਼ਾਮਲ ਕੀਤਾ। ਉਸ ਨੇ ਫਿਲਮ ਬਣਾਉਣ ਲਈ ਖੁਦ ਕੇਸਕੀ ਬੰਨ੍ਹੀ, ਜੋ ਉਸ ਦੇ ਕਿਰਦਾਰ ਦੇ ਅਭਿਆਸ ਨੂੰ ਦਰਸਾਉਂਦੀ ਹੈ। ਜੌਹਲ ਨੂੰ ਉਮੀਦ ਹੈ ਕਿ ਉਸ ਦੀ ਭੂਮਿਕਾ ਨੂੰ ਵਿਆਪਕ ਆਸਟ੍ਰੇਲੀਆਈ ਭਾਈਚਾਰੇ ਅਤੇ ਪੰਜਾਬੀ ਤੇ ਸਿੱਖ ਭਾਈਚਾਰੇ ਵੱਲੋਂ ਅਪਣਾਈ ਜਾਵੇਗੀ, ਜੋ ਪਰਦੇ ‘ਤੇ ਵੰਨ-ਸੁਵੰਨਤਾ ਅਤੇ ਪ੍ਰਤੀਨਿਧਤਾ ਨੂੰ ਵਧਾਉਣ ਯੋਗਦਾਨ ਪਾਵੇਗਾ।