ਸਿਡਨੀ ‘ਹਿੱਟ ਐਂਡ ਰਨ’ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜੁਆਨ ਗ੍ਰਿਫ਼ਤਾਰ

ਮੈਲਬਰਨ : ਪੰਜਾਬੀ ਮੂਲ ਦੇ ਇੱਕ ਨੌਜੁਆਨ ਗੁਰਪ੍ਰੀਤ ਸਿੰਘ (32) ਨੂੰ ਇੱਕ ਨੇਪਾਲੀ ਬਜ਼ੁਰਗ ਨੂੰ ਕਾਰ ਹੇਠ ਕੁਚਲਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ 30 ਜੂਨ ਨੂੰ ਸਿਡਨੀ ਦੇ ਮਾਰਸਡੇਨ ਪਾਰਕ ‘ਚ 79 ਸਾਲ ਦੇ ਦਾਮੋਦਰ ਸ਼੍ਰੇਸ਼ਠ ਨੂੰ ਕੁਚਲ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਘਟਨਾ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਕਾਰ ਛੱਡ ਕੇ ਕਿਰਾਏ ਦੀ ਕਾਰ ਲੈ ਕੇ ਅੱਗੇ ਗਿਆ ਅਤੇ ਦਾਅਵਾ ਕੀਤਾ ਕਿ ਇਹ ਉਸ ਨੇ ਇੱਕ ਡਿਲੀਵਰੀ ਪੂਰੀ ਕਰਨ ਲਈ ਕੀਤਾ ਸੀ। ਘਟਨਾ ਤੋਂ ਕੁੱਝ ਦਿਨ ਬਾਅਦ ਉਹ ਭਾਰਤ ਚਲਾ ਗਿਆ। ਅਦਾਲਤ ’ਚ ਉਸ ਨੇ ਕਿਹਾ ਕਿ ਉਹ ਆਪਣੇ ਬਿਮਾਰ ਪਿਤਾ ਨੂੰ ਮਿਲਣ ਗਿਆ ਸੀ। ਪਰ ਪੁਲਿਸ ਵੱਲੋਂ ਉਸ ਨਾਲ ਸੰਪਰਕ ਕੀਤੇ ਜਾਣ ਮਗਰੋਂ ਉਹ ਆਸਟ੍ਰੇਲਆ ਵਾਪਸ ਆ ਗਿਆ ਅਤੇ ਸਿਡਨੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਗੁਰਪ੍ਰੀਤ ਸਿੰਘ ਦੇ ਵਕੀਲ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਲਈ ਇਕਲੌਤਾ ਕਮਾਉਣ ਵਾਲਾ ਹੈ, ਜਿਸ ਦੇ ਨਤੀਜੇ ਵਜੋਂ ਮੈਜਿਸਟ੍ਰੇਟ ਨੇ ਡਰਾਈਵਿੰਗ ਪਾਬੰਦੀ ਅਤੇ ਪਾਸਪੋਰਟ ਸਮਰਪਣ ਸਮੇਤ ਸਖਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ। ਗੁਰਪ੍ਰੀਤ ਸਿੰਘ ਸਤੰਬਰ ਵਿੱਚ ਦੁਬਾਰਾ ਅਦਾਲਤ ਵਿੱਚ ਪੇਸ਼ ਹੋਵੇਗਾ।