ਮੈਲਬਰਨ: ਅਟਾਰਨੀ ਜਨਰਲ Kyam Maher ਨੇ ਉਦਯੋਗਿਕ ਸਬੰਧਾਂ ਦੀ ਪ੍ਰੈਕਟੀਸ਼ਨਰ ਜਸਪ੍ਰੀਤ ਕੌਰ ਨੂੰ ਸਾਊਥ ਆਸਟ੍ਰੇਲੀਆ ਇੰਪਲੋਏਮੈਂਟ ਟ੍ਰਿਬਿਊਨਲ ਦਾ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਜਸਪ੍ਰੀਤ ਕੌਰ ਇਸ ਮਹੀਨੇ ਰਿਚਰਡ ਕੇਅਰਨੀ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣਗੇ। ਉਹ ਸਟੇਟ ਦੇ 16 ਕਮਿਸ਼ਨਰਾਂ ਵਿਚੋਂ ਇਕ ਹੋਣਗੇ।
ਜਸਪ੍ਰੀਤ ਕੌਰ ਨੇ ਨਿੱਜੀ ਅਤੇ ਗੈਰ-ਮੁਨਾਫਾ ਦੋਵਾਂ ਖੇਤਰਾਂ ਵਿੱਚ ਕਈ ਸਾਊਥ ਆਸਟ੍ਰੇਲੀਆਈ ਕਾਰੋਬਾਰਾਂ ਵਿੱਚ ਅੰਦਰੂਨੀ ਪ੍ਰਤੀਨਿਧੀ ਵਜੋਂ ਕੰਮ ਕੀਤਾ ਹੈ। ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਵਰਕਿੰਗ ਵੂਮੈਨ ਸੈਂਟਰ ਰਾਹੀਂ ਕਾਮਿਆਂ ਦੀ ਨੁਮਾਇੰਦਗੀ ਕੀਤੀ ਹੈ। ਉਦਯੋਗਿਕ ਸਬੰਧ ਅਤੇ ਜਨਤਕ ਖੇਤਰ ਦੇ ਮੰਤਰੀ ਵਜੋਂ Kyam Maher ਨੇ ਜਸਪ੍ਰੀਤ ਕੌਰ ਨੂੰ ਉਨ੍ਹਾਂ ਦੀ ਨਿਯੁਕਤੀ ’ਤੇ ਵਧਾਈ ਦਿੱਤੀ ਅਤੇ ਕਿਹਾ, ‘‘ਉਦਯੋਗਿਕ ਸਬੰਧ ਪ੍ਰਣਾਲੀ ਵਿੱਚ ਜਸਪ੍ਰੀਤ ਕੌਰ ਦਾ ਵਿਸ਼ਾਲ ਤਜਰਬਾ SAET (ਸਾਊਥ ਆਸਟ੍ਰੇਲੀਆ ਦੇ ਨਵੇਂ ਪਬਲਿਕ ਟਰੱਸਟੀ ਅਤੇ ਇੰਪਲੋਏਮੈਂਟ ਟ੍ਰਿਬਿਊਨਲ) ਲਈ ਇਕ ਮਹੱਤਵਪੂਰਣ ਸੰਪਤੀ ਹੋਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਇਹ ਲੋਕਾਂ ਨੂੰ ਉੱਚ ਮਿਆਰੀ ਵਿਵਾਦ ਹੱਲ ਪ੍ਰਦਾਨ ਕਰ ਸਕੇ।’’