ਆਸਟ੍ਰੇਲੀਆ ਦਾ ਇੱਕ ਸ਼ਹਿਰ ਜਿੱਥੇ ਤੁਰਦੇ ਪਿਆਂ ਨੂੰ ਮਿਲ ਜਾਂਦੈ ਸੋਨਾ, ਇਸ ਖ਼ੁਸ਼ਕਿਸਮਤ ਕੁੜੀ ਨੂੰ ਸੈਰ ਕਰਦਿਆਂ ਲੱਭ ਗਿਆ ਸਾਢੇ ਚੌਦਾਂ ਤੋਲਾ ਸੋਨਾ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ Kalgoorlie ‘ਚ ਦੋ ਸਹੇਲੀਆਂ ਜਦੋਂ ਸਵੇਰ ਦੀ ਸੈਰ ਕਰ ਰਹੀਆਂ ਸਨ ਤਾਂ ਉਹ ਮਿੱਟੀ ’ਚ ਪਈ ਇੱਕ ਸੋਨੇ ਦੀ ਡਲੀ ਨੂੰ ਦੇਖ ਕੇ ਹੈਰਾਨ ਰਹਿ ਗਈਆਂ। 146 ਗ੍ਰਾਮ ਵਜ਼ਨ ਵਾਲੀ ਇਸ ਸੋਨੇ ਦੀ ਡਲੀ ਦੀ ਕੀਮਤ 20,000 ਡਾਲਰ ਹੈ। ਪੇਸ਼ੇਵਰ ‘Gold Digger’ ਅਤੇ ਰਿਐਲਿਟੀ ਟੀ.ਵੀ. ਸਟਾਰ Tyler Mahoney ਨੇ ਇੰਸਟਾਗ੍ਰਾਮ ‘ਤੇ ਇਸ ਖੋਜ ਨੂੰ ਸਾਂਝਾ ਕੀਤਾ ਜੋ ਵਾਇਰਲ ਹੋ ਰਹੀ ਹੈ। ਉਸ ਨੇ ਕਿਹਾ ਕਿ ਇਹ ਖੋਜ ਬਹੁਤ ਖ਼ਾਸ ਸੀ ਕਿਉਂਕਿ ਸੋਨਾ ਮਿੱਟੀ ਦੇ ਉਪਰ ਹੀ ਪਿਆ ਸੀ। ਆਮ ਤੌਰ ’ਤੇ ਇਹ ਮਿੱਟੀ ’ਚ ਦੱਬਿਆ ਹੁੰਦਾ ਹੈ।

ਆਪਣੀ ਪੋਸਟ ’ਚ ਉਸ ਨੇ ਇਹ ਵੀ ਦੱਸਿਆ ਹੈ ਲੱਭੇ ਗਏ ਸੋਨੇ ਨੂੰ ਕਿੱਥੇ ਅਤੇ ਕਿਸ ਤਰ੍ਹਾਂ ਵੇਚੀਦਾ ਹੈ। ਹਾਲਾਂਕਿ ਕਦੇ-ਕਦਾਈਂ ਹੋਣ ਵਾਲੀ ਮੋਟੀ ਕਮਾਈ ਦੇ ਬਾਵਜੂਦ, ਉਸ ਨੇ ਜ਼ੋਰ ਦੇ ਕੇ ਕਿਹਾ ਕਿ ਸੋਨੇ ਨੂੰ ਲੱਭਣਾ ਇੱਕ ਸੁਰੱਖਿਅਤ ਆਮਦਨ ਦਾ ਸਰੋਤ ਨਹੀਂ ਹੈ। “ਗੋਲਡ ਡਿਗਰ” ਨਾਂ ਤੋਂ ਆਪਣੀਆਂ ਪੋਸਟਾਂ ’ਚ ਉਸ ਦਾ ਕਹਿਣਾ ਹੈ ਕਿ ਸੋਨਾ ਲੱਭਣ ਦਾ ਕੰਮ ਮਰਦ-ਪ੍ਰਧਾਨ ਉਦਯੋਗ ਹੈ, ਜਿੱਥੇ ਇੱਕ ਔਰਤ ਵਜੋਂ ਸਨਮਾਨ ਪ੍ਰਾਪਤ ਕਰਨਾ ਚੁਣੌਤੀਪੂਰਨ ਹੈ।