ਮੈਲਬਰਨ : ਆਸਟ੍ਰੇਲੀਆ ’ਚ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਮੈਲਬਰਨ ਤੋਂ ਪੰਜਾਬ ਪਰਤ ਰਹੀ ਮਨਪ੍ਰੀਤ ਕੌਰ ਦਾ ਸਸਕਾਰ ਆਸਟ੍ਰੇਲੀਆ ’ਚ ਹੀ ਕੀਤਾ ਜਾਵੇਗਾ ਕਿਉਂਕਿ ਉਸ ਦੀ ਲਾਸ਼ ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਧਰਮਪੁਰਾ ’ਚ ਰਹਿੰਦਾ ਉਸ ਦਾ ਪਰਿਵਾਰ ਆਸਟ੍ਰੇਲੀਆ ਆ ਰਿਹਾ ਹੈ। ਉਸ ਨਾਲ ਹੀ ਰਹਿਣ ਵਾਲੀ ਉਸ ਦੀ ਰੂਮਮੇਟ ਅਤੇ ਕਜ਼ਨ ਕੁਲਦੀਪ ਕੌਰ ਨੇ ਕਿਹਾ ਕਿ ਉਸ ਖ਼ੁਦ ਉਸ ਨੂੰ ਹਵਾਈ ਅੱਡੇ ’ਤੇ ਛੱਡ ਕੇ ਆਈ ਸੀ ਅਤੇ ਉਸ ਵੱਲੋਂ ਉਸ ਨੂੰ ਕਹੇ ਆਖ਼ਰੀ ਸ਼ਬਦ ਸਨ ‘ਮੈਂ ਵਾਪਸ ਆਵਾਂਗੀ।’ ਉਸ ਨੇ ਕਿਹਾ ਕਿ ਉਨ੍ਹੀਂ ਦਿਨੀਂ ਉਹ ਬਹੁਤ ਕਮਜ਼ੋਰ ਹੋ ਗਈ ਸੀ ਅਤੇ ਸਾਰਾ ਦਿਨ ਲੰਮੀ ਪਈ ਰਹਿੰਦੀ ਸੀ, ਪਰ ਉਸ ਨੂੰ ਪਤਾ ਵੀ ਨਹੀਂ ਸੀ ਕਿ ਉਸ ਨੂੰ ਟੀ.ਬੀ. ਦੀ ਬਿਮਾਰੀ ਹੈ। ਉਹ ਆਪਣੀ ਸਿਹਤ ਠੀਕ ਕਰਨ ਲਈ 20 ਜੂਨ ਨੂੰ ਭਾਰਤ ਪਰਤ ਰਹੀ ਸੀ ਪਰ ਜਹਾਜ਼ ਉਡਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਬਿਮਾਰੀ ਫੈਲਣ ਦੇ ਡਰ ਕਾਰਨ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਉਸ ਦੇ ਇੱਕ ਦੋਸਤ ਗੁਰਦੀਪ ਗਰੇਵਾਲ ਨੇ ਉਸ ਦੇ ਪਰਿਵਾਰ ਦਾ ਖ਼ਰਚਾ ਚੁਕਣ ਲਈ Gofundme ’ਤੇ ਮਦਦ ਦੀ ਅਪੀਲ ਵੀ ਕੀਤੀ ਸੀ ਜਿਸ ’ਤੇ ਹੁਣ ਤਕ 45 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਠੀ ਹੋ ਚੁੱਕੀ ਹੈ।
ਕੀ ਹੋਇਆ ਸੀ ਉਸ ਦਿਨ?
ਮਨਪ੍ਰੀਤ ਕੌਰ ਦੀ ਮੌਤ ਦਾ ਸਭ ਤੋਂ ਪਹਿਲਾਂ ਪਤਾ ਜਹਾਜ਼ ’ਚ ਉਸ ਦੀ ਸੀਟ ਦੇ ਨਾਲ ਵਾਲੀ ਸੀਟ ’ਤੇ ਬੈਠੇ ਪੰਜਾਬੀ ਮੂਲ ਦੇ ਹੀ ਰਵਿੰਦਰ ਸਿੰਘ ਨੂੰ ਲੱਗਾ ਸੀ। ‘ਨਿਊ ਯਾਰਕ ਟਾਈਮਜ਼’ ਦੀ ਇੱਕ ਰਿਪੋਰਟ ਅਨੁਸਾਰ ਸੇਵਾਮੁਕਤ ਫ਼ੌਜੀ ਅਫ਼ਸਰ ਰਵਿੰਦਰ ਸਿੰਘ ਨੇ ਦਸਿਆ ਕਿ ਮਨਪ੍ਰੀਤ ਕੌਰ ਮੌਤ ਸਮੇਂ ਸ਼ਾਂਤ ਸੀ। ਉਨ੍ਹਾਂ ਕਿਹਾ, ‘‘ਮੈਂ ਹੀ ਉਹ ਆਖ਼ਰੀ ਵਿਅਕਤੀ ਸੀ ਜਿਸ ਨਾਲ ਮਨਪ੍ਰੀਤ ਕੌਰ ਨੇ ਗੱਲ ਕੀਤੀ ਸੀ। ਜਦੋਂ ਮੈਂ ਜਹਾਜ਼ ’ਚ ਚੜ੍ਹਿਆ ਤਾਂ ਮਨਪ੍ਰੀਤ ਕੌਰ ਪਹਿਲਾਂ ਹੀ ਸੀਟ ’ਤੇ ਬੈਠੀ ਸੀ। ਮੇਰੀ ਸੀਟ ਖਿੜਕੀ ਵਾਲੀ ਸੀ ਇਸ ਲਈ ਮੈਂ ਉਸ ਨੂੰ ਆਪਣੀ ਸੀਟ ਤਕ ਜਾਣ ਲਈ ਰਾਹ ਦੇਣ ਲਈ ਕਿਹਾ ਸੀ। ਮੈਂ ਵੇਖਿਆ ਕਿ ਉਹ ਆਪਣੇ ਫ਼ੋਨ ’ਤੇ ਤਸਵੀਰਾਂ ਵੇਖ ਰਹੀ ਸੀ ਅਤੇ ਇੱਕ ਬਜ਼ੁਰਗ ਜੋੜੇ ਦੀ ਤਸਵੀਰ ’ਤੇ ਆ ਕੇ ਰੁਕ ਗਈ। ਮੈਂ ਪੁਛਿਆ ਕਿ ਇਹ ਤੁਹਾਡੇ ਪੈਰੇਂਟਸ ਹਨ। ਉਸ ਨੇ ਮੁਸਕੁਰਾ ਕੇ ਹਾਂ ਕਿਹਾ ਅਤੇ ਤਸਵੀਰ ਵਲ ਵੇਖਦੀ ਰਹੀ। ਜਦੋਂ ਜਹਾਜ਼ ਚਲਣ ਲੱਗਾ ਉਸ ਨੇ ਆਪਣਾ ਫ਼ੋਨ ਰਖ ਕੇ ਸਿਰ ਅੱਗੇ ਝੁਕ ਕੇ ਮੂਹਰਲੀ ਸੀਟ ’ਤੇ ਟਿਕਾ ਲਿਆ। ਜਦੋਂ ਜਹਾਜ਼ ਉਡਣ ਲੱਗਾ ਸੀ ਤਾਂ ਮੈਂ ਉਸ ਨੂੰ ਸਿੱਧੀ ਹੋਣ ਲਈ ਕਿਹਾ। ਪਰ ਜਹਾਜ਼ ਨੂੰ ਝਟਕਾ ਜਿਹਾ ਲੱਗਾ ਅਤੇ ਉਸ ਦਾ ਸਿਰ ਮੇਰੇ ਵਲ ਝੁਕ ਗਿਆ। ਉਸ ਸਮੇਂ ਮੈਨੂੰ ਲੱਗਾ ਕਿ ਕੁੱਝ ਠੀਕ ਨਹੀਂ ਹੈ। ਮੈਂ ਇਸ ਬਾਰੇ ਫ਼ਲਾਈਟ ਅਟੈਂਡੈਂਟ ਨੂੰ ਦਸਿਆ।’’
ਉਨ੍ਹਾਂ ਕਿਹਾ ਕਿ ਕੈਬਿਨ ਕਰਿਊ ਦੀ ਪ੍ਰਤੀਕਿਰਆ ਸ਼ਲਾਘਾਯੋਗ ਰਹੀ, ਉਨ੍ਹਾਂ ਨੇ ਮਨਪ੍ਰੀਤ ਕੌਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਡੀਕਲ ਕਰਿਊ ਨੇ ਉਸ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ। ਰਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਤੋਂ ਹਫ਼ਤਿਆਂ ਬਾਅਦ ਤਕ ਉਹ ਸਦਮੇ ’ਚ ਰਹੇ।
ਇਹ ਵੀ ਪੜ੍ਹੋ : ਆਸਟਰੇਲੀਆ `ਚ ਪੰਜਾਬੀ ਕੁੜੀ ਦੀ ਮੌਤ – ਇੰਡੀਆ ਜਾਣ ਵਾਸਤੇ ਜਹਾਜ਼ ਚੜ੍ਹਨ ਸਾਰ ਵਾਪਰੀ ਘਟਨਾ – Sea7 Australia