ਮੈਲਬਰਨ : ਮੈਲਬਰਨ ‘ਚ ਇਕ ਟੈਕਸੀ ਡਰਾਈਵਰ ਨੂੰ 45 ਮਿੰਟ ਦੇ ਸਫ਼ਰ ਦੌਰਾਨ ਇਕ ਔਰਤ ਯਾਤਰੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਥੌਮਸਟਾਊਨ ’ਚ ਰਹਿਣ ਵਾਲਾ 28 ਸਾਲ ਦਾ ਸਤਿੰਦਰ ਵੀਰਵਾਰ ਨੂੰ ਵੀਡੀਓ ਲਿੰਕ ਰਾਹੀਂ ਮੈਲਬਰਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਹੋਇਆ ਜਿਸ ’ਤੇ ਜਿਨਸੀ ਸ਼ੋਸ਼ਣ ਦੇ 15 ਅਤੇ ਚੋਰੀ ਦੇ ਇਕ ਦੋਸ਼ ਲਗਾਏ ਸਨ।
ਪੁਲਿਸ ਦਾ ਦੋਸ਼ ਹੈ ਕਿ 30 ਸਾਲ ਦੀ ਔਰਤ 27 ਜੂਨ ਨੂੰ ਤੜਕੇ 3:30 ਵਜੇ CBD ਦੇ ਕੋਲਿਨਸ ਸੇਂਟ ‘ਤੇ ਦੱਖਣ-ਪੂਰਬੀ ਵੱਲ ਜਾਣ ਲਈ ਉਸ ਦੀ ਟੈਕਸੀ ‘ਚ ਸਵਾਰ ਹੋਈ ਸੀ। ਸਤਿੰਦਰ ਨੇ ਕਥਿਤ ਤੌਰ ‘ਤੇ ਵੰਟੀਰਨਾ ਸਾਊਥ ਵਲ ਜਾਣ ਦੌਰਾਨ ਉਸ ’ਤੇ 15 ਵਾਰ ਜਿਨਸੀ ਹਮਲਾ ਕੀਤਾ। ਉਸ ਨੇ ਕਥਿਤ ਤੌਰ ‘ਤੇ ਪੀੜਤਾ ਦੀ ਮੰਗਣੀ ਦੀ ਅੰਗੂਠੀ ਉਸ ਦੀ ਉਂਗਲ ਤੋਂ ਚੋਰੀ ਕਰ ਲਈ। ਸਾਰੀ ਘਟਨਾ ਕਾਰ ਦੇ ਕੈਮਰਿਆਂ ਵਿੱਚ ਵੀ ਕੈਦ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪਿਛਲੇ ਸ਼ਨੀਵਾਰ ਦੁਪਹਿਰ 2:30 ਵਜੇ ਮੈਲਬਰਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਈ ਅਤੇ ਸਤਿੰਦਰ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਭਾਰਤ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ 18 ਜੁਲਾਈ ਨੂੰ ਅਦਾਲਤ ਵਿੱਚ ਵਾਪਸ ਆਉਣ ਤੱਕ ਸਲਾਖਾਂ ਪਿੱਛੇ ਰਹੇਗਾ।