ਸਿਡਨੀ ’ਚ ਅਤਿਵਾਦ ਦੇ ਦੋਸ਼ ਹੇਠ ਨੌਜੁਆਨ ਦੀ ਗ੍ਰਿਫ਼ਤਾਰੀ ਮਗਰੋਂ ਹੈਰਾਨੀਜਨਕ ਖ਼ੁਲਾਸੇ, ਜਾਣੋ ਕਿਉਂ ਹੋ ਗਏ PM ਅਲਬਾਨੀਜ਼ ਭਾਵੁਕ

ਮੈਲਬਰਨ : ਇੱਕ ਹੈਰਾਨੀਜਨਕ ਘਟਨਾਕ੍ਰਮ ’ਚ ਨਿਊ ਸਾਊਥ ਵੇਲਜ਼ (NSW) ਦੀ ਪੁਲਿਸ ਨੇ 19 ਸਾਲ ਦੇ ਜਾਰਡਨ ਪੈਟਨ ਨੂੰ ਅਤਿਵਾਦ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੂੰ ਦਸਿਆ ਗਿਆ ਕਿ ਪੈਟਨ ਨੇ ਨਿਊਕੈਸਲ ’ਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਟਿਮ ਕ੍ਰਾਕੈਂਥੋਰਪ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਸ ਦੇ ਦਫ਼ਤਰ ’ਚ ਵੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਵਿੱਚ ਹੰਝੂਆਂ ਨੂੰ ਰੋਕਦਿਆਂ ਕਿਹਾ ਕਿ ਆਸਟ੍ਰੇਲੀਆ ‘ਚ ਅਤਿਵਾਦ ਲਈ ਕੋਈ ਥਾਂ ਨਹੀਂ ਹੈ।

ਚਾਕੂਆਂ ਨਾਲ ਲੈਸ ਹੋ ਕੇ ਅਤੇ ਬੈਲਿਸਟਿਕ ਵੈਸਟ ਬੰਨ੍ਹ ਕੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਖ਼ੁਦ ਨੂੰ ਸੱਜੇ ਪੱਖੀ ਦੱਸਣ ਵਾਲੇ ਪੈਟਨ ਨੇ 205 ਪੰਨਿਆਂ ਦਾ ਮੈਨੀਫੈਸਟੋ ਵੀ ਸਾਂਝਾ ਕੀਤਾ ਜਿਸ ਵਿੱਚ ਉਸ ਨੇ ਅਜਿਹੇ ਮੁੱਦਿਆਂ ‘ਤੇ ਆਪਣੇ ਗੁੱਸੇ ਅਤੇ ਵਿਚਾਰਾਂ ਦਾ ਵੇਰਵਾ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਉਹ ਆਧੁਨਿਕ ਸਮਾਜ ਨਾਲ ਗਲਤ ਮੰਨਦੇ ਸਨ। ਨਾਜ਼ੀ ਕਿਸਮ ਦੇ ਇਸ ਮੈਨੀਫ਼ੈਸਟੋ ’ਚ PM ਐਂਥਨੀ ਐਲਬਾਨੀਜ਼ ਦਾ ਪ੍ਰਵਾਰ ਵੀ ਕਥਿਤ ਤੌਰ ‘ਤੇ ਨਿਸ਼ਾਨਾ ਸੀ। ‘ਦਿ ਡੇਲੀ ਟੈਲੀਗ੍ਰਾਫ’ ਦੀ ਖਬਰ ਮੁਤਾਬਕ ਮੈਨੀਫੈਸਟੋ ‘ਚ ਲੇਬਰ ਪਾਰਟੀ ਪ੍ਰਤੀ ਉਸ ਦੀ ‘ਬੇਹੱਦ ਨਫ਼ਰਤ’ ਅਤੇ ਲੇਬਰ ਸਿਆਸਤਦਾਨਾਂ ਨੂੰ ਮਾਰਨ ਦੇ ਉਸ ਦੇ ਇਰਾਦੇ ਸ਼ਾਮਲ ਹਨ।

PM ਨੇ ਕਿਹਾ, ‘‘ਜੋ ਦਸਤਾਵੇਜ਼ ਬਣਾਏ ਗਏ ਹਨ, ਉਹ ਬਹੁਤ ਚਿੰਤਾਜਨਕ ਹਨ, ਜਿਸ ਵਿਚ ਨਾ ਸਿਰਫ ਲੇਬਰ ਸੰਸਦ ਮੈਂਬਰਾਂ ਨੂੰ, ਬਲਕਿ ਦੂਜਿਆਂ ਨੂੰ, ਮੇਰੇ ਪਰਿਵਾਰ ਨੂੰ ਧਮਕੀਆਂ ਵੀ ਸ਼ਾਮਲ ਹਨ।’’ ਮੁਲਜ਼ਮ ਨੂੰ 21 ਅਗਸਤ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਹੋਣ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।