ਪਿੰਡ ਦੀ ਜੂਹ
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਆਥਣ ਸਵੇਰੇ ਲੱਗੇ ਮਿੱਠੀ-ਮਿੱਠੀ ਲੋਅ,
ਚੰਨ ਅਤੇ ਤਾਰੇ ਲੱਗੇ ਚੁੰਨੀ ਦੇ ਸਿਤਾਰੇ,
ਮੰਦਰਾਂ ਚੋਂ ਹੋਕਾ ਵੱਜੇ ਰਾਮ ਨਾਮ ਦਾ,
ਬਾਣੀ ਦਾ ਸ਼ਬਦ ਕੰਨੀ ਰੱਸ ਘੋਲਦਾ,
ਪਹਿਲੇ ਪਹਿਰੇ ਬੇਬੇ ਦੁੱਧ ਟੁੱਕ ਸਾਂਭਦੀ,
ਬਾਪੂ ਨੂੰ ਕਬੀਲਦਾਰੀ ਪੰਡ ਮਾਰਦੀ,
ਵੱਟ ਬੰਨੇ ਖੇਤ ਤੇ ਕਿਆਰੀ ਲੱਗੇ ਰੂਹ ਵਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਤਿੱਖੀ-ਤਿੱਖੀ ਧੁੱਪ ਵਿੱਚ ਸੁੰਨੀਆਂ ਨੇ ਸੱਥਾਂ,
ਬਾਬਿਆਂ ਦੀ ਢਾਣੀ ਲੱਭੇ ਹਾਣੀਆਂ ਨੂੰ ਹਾਣੀ,
ਬਾਜੀ ਸੀਪ ਦੀ ਪਿਆਰੀ ਲੱਗੇ ਹਾਣੀ ਨੂੰ ਪਿਆਰੀ,
ਹੱਲ ਪੰਜਾਲੀ ਤੇ ਸੁਹਾਗੇ ਦਾ ਸਿਆੜ ਮਿਟਿਆ,
ਸਾਗ ਗੁੜ ਸਰੋਂ ਨੂੰ ਸੱਭਿਆਚਾਰ ਤੇ ਰਸੋਈ ਦਾ ਪਿਆਰ ਮਿਲਿਆ,
ਪੌਣ ਪਿੰਡ ਦੀ ਲੱਗਦੀ ਸੰਗੀਤ ਵਰਗੀ,
ਪੈਰੀਂ ਝਾਂਜਰਾਂ ਅਤੇ ਖੂਹਾਂ ਵਾਲਾ ਰਾਗ ਮੁੱਕਿਆ,
ਰੀਤੀ ਆਖਦੀ ਰਿਵਾਜ ਨੂੰ ਕਹਿੰਦੀ ਸਾਡੀ ਪਰਵਾਜ਼ ਮਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਧੀ ਸਾਂਝੀ, ਸਾਂਝੇ ਮਾਂਝੀ, ਸਾਂਝੀਆਂ ਸਨ ਦੁਆਵਾਂ,
ਬੂਹੇ ਬਾਰੀਆਂ ਵਿਚੋਂ ਦਿਖਦਾ, ਸੀ ਇੱਜਤਾਂ ਦਾ ਸਿਰਨਾਵਾਂ,
ਪੱਗ ਚੂੰਨੀ ਸਲਵਾਰ ਨੇ ਸੋਂਹਦੇ, ਗੱਭਰੂ ਤੇ ਮੁਟਿਆਰਾਂ,
ਡੋਲੀ ਤੁਰਦੀ ਪਿੰਡ ਦੇ ਵਿੱਚੋਂ ਹੰਝੂ ਕਿਰਨ ਹਜਾਰਾਂ,
ਰੂਹ ਤੇ ਜੂਹ ਅੱਜ ਧੁੰਦਲੀ ਜਾਪੇ ਨਾਲੇ ਸਾਕ ਨੇ ਸੰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਪਿੰਡ ਅਬਿਆਣਾ ਖਿੱਤਾ ਹੈ ਪੁਆਧ ਦਾ,
ਇੱਕ ਪਾਸੇ ਖਾਲਸਾ ਨਗਾਰੇ ਮਾਰਦਾ,
ਦੂਜੇ ਪਾਸੇ ਝੰਡਾ ਰਣਜੀਤ ਰਾਜ ਦਾ,
ਲੱਜਪਾਲ ਗਿੱਲ ਨੂੰ ਅਵਾਜ਼ਾਂ ਮਾਰਦਾ,
ਦੇਖੀ ਕਿਤੇ ਭੁੱਲੀ ਨਾ ਸਲੀਕਾ ਪਿਆਰ ਦਾ,
ਜ਼ਮੀਨ ਅਤੇ ਜ਼ਮੀਰ ਦਾ ਸਬੰਧ ਜਾਣਦਾ,
ਰਹੀ ਪੁੱਤ ਗੋਦ ਦਾ ਆਨੰਦ ਮਾਣਦਾ,
ਫਸਲਾਂ ਤੇ ਨਸਲਾਂ ਨੂੰ ਸਾਂਭੋ ਹਰ ਪਲ ਮਾਣੋ ਸਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ