ਸਿਡਨੀ ’ਚ ਪਿਕਨਿਕ ਮਨਾ ਰਹੀਆਂ ਦੋ ਔਰਤਾਂ ਦੀ ਡੁੱਬਣ ਕਾਰਨ ਮੌਤ, ਇੱਕ ਹੋਰ ਹਸਪਤਾਲ ’ਚ ਭਰਤੀ

ਮੈਲਬਰਨ : ਸਿਡਨੀ ਦੇ ਦੱਖਣ ‘ਚ ਸਥਿਤ ਬੋਟਨੀ ਬੇ ਨੈਸ਼ਨਲ ਪਾਰਕ ’ਚ ਪਿਕਨਿਕ ਕਰ ਰਹੀਆਂ ਦੋ ਔਰਤਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਤੀਜੀ ਹਸਪਤਾਲ ‘ਚ ਭਰਤੀ ਹੈ। ਇਹ ਘਟਨਾ ਸੋਮਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਵਾਪਰੀ। ਔਰਤਾਂ ਸਮੁੰਦਰ ਕੰਢੇ ਰੌਕ ਸ਼ੈਲਫ਼ ’ਤੇ ਸੈਰ ਕਰ ਰਹੀਆਂ ਸਨ ਜਦੋਂ ਇੱਕ ਉੱਚੀ ਲਹਿਰ ਆਈ ਅਤੇ ਉਨ੍ਹਾਂ ਨੂੰ ਸਮੁੰਦਰ ’ਚ ਵਹਾਅ ਕੇ ਲੈ ਗਈ। ਨੇੜੇ ਹੀ ਉੱਡ ਰਹੇ ਪੁਲਿਸ ਦੇ ਹੈਲੀਕਾਪਟਰ ਨੇ ਔਰਤਾਂ ਨੂੰ ਪਾਣੀ ’ਚ ਵੇਖਿਆ ਅਤੇ ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਿਸ਼ਤੀ ਭੇਜੀ ਗਈ। ਚਾਲਕ ਦਲ ਦੇ ਮੈਂਬਰਾਂ ਵੱਲੋਂ ਬਚਾਅ ਕੋਸ਼ਿਸ਼ਾਂ ਅਤੇ CPR ਕੀਤੇ ਜਾਣ ਦੇ ਬਾਵਜੂਦ, ਦੋ ਔਰਤਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ ਇੱਕ ਔਰਤ ਖ਼ੁਸ਼ਕਿਸਮਤੀ ਨਾਲ ਕੰਢੇ ਲੱਗਣ ’ਚ ਸਫ਼ਲ ਰਹੀ ਜੋ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹੈ। ਮ੍ਰਿਤਕ ਔਰਤਾਂ ਦੀ ਪਛਾਣ ਭਾਰਤੀ ਨਾਗਰਿਕ ਮਰਵਾਹ ਹਾਸ਼ਿਮ (35) ਅਤੇ ਨਿਰਸਾ ਹੈਰਿਸ (38) ਵੱਜੋਂ ਹੋਈ ਹੈ। ਮਰਵਾਹ ਦੀ ਭੈਣ ਰੋਸ਼ਨਾ ਹਾਸ਼ਿਮ ਤੈਰ ਕੇ ਕਿਨਾਰੇ ਪੁੱਜਣ ’ਚ ਕਾਮਯਾਬ ਰਹੀ। ਕੁਰਨੇਲ ‘ਚ ਦੋ ਮਛੇਰਿਆਂ ਦੇ ਪੱਥਰਾਂ ‘ਚ ਵਹਿ ਜਾਣ ਦੀ ਘਟਨਾ ਤੋਂ ਬਾਅਦ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ‘ਚ ਡੁੱਬਣ ਦੀ ਇਹ ਦੂਜੀ ਘਟਨਾ ਹੈ।