ਮੈਲਬਰਨ : ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਨੇ ਵਿਦੇਸ਼ਾਂ ‘ਚ ਜਨਮੇ ਅਪਰਾਧੀਆਂ ਲਈ ਆਸਟ੍ਰੇਲੀਆ ‘ਚ ਰਹਿਣਾ ਹੋਰ ਮੁਸ਼ਕਲ ਬਣਾਉਣ ਵਾਲਾ ਇਕ ਨਵਾਂ ਆਰਡਰ ‘ਮਿਨੀਸਟ੍ਰੀਅਲ ਡਾਇਰੈਕਸ਼ਨ 110’ ਪੇਸ਼ ਕੀਤਾ ਹੈ। ਇਹ ਵਿਵਾਦਪੂਰਨ ਮੰਤਰੀ ਪੱਧਰੀ ਆਰਡਰ 99 ਦੀ ਥਾਂ ਲਵੇਗਾ, ਜੋ ਵੀਜ਼ਾ ਅਪੀਲਾਂ ‘ਤੇ ਫੈਸਲਾ ਕਰਦੇ ਸਮੇਂ ਕਿਸੇ ਵਿਅਕਤੀ ਦੇ ਆਸਟ੍ਰੇਲੀਆ ਨਾਲ ਸਬੰਧਾਂ ਨੂੰ ਤਰਜੀਹ ਦਿੰਦਾ ਸੀ।
ਪਿਛਲੇ ਆਰਡਰ ਕਾਰਨ ATT ਵੱਲੋਂ ਬਲਾਤਕਾਰੀਆਂ, ਕਾਤਲਾਂ ਸਮੇਤ ਕਈ ਅਪਰਾਧੀਆਂ ਦਾ ਵੀਜ਼ਾ ਬਹਾਲ ਕੀਤਾ ਗਿਆ ਸੀ, ਜਿਸ ਕਾਰਨ ਸਰਕਾਰ ਦੀ ਭਰਵੀਂ ਆਲੋਚਨਾ ਹੋਈ ਸੀ। ਪਰ 21 ਜੂਨ ਤੋਂ ਲਾਗੂ ਹੋਣ ਵਾਲਾ ਨਵਾਂ ਆਰਡਰ ਕਿਸੇ ਵਿਅਕਤੀ ਦੇ ਦੇਸ਼ ਨਾਲ ਮੌਜੂਦਾ ਸਬੰਧਾਂ ਤੋਂ ਜ਼ਿਆਦਾ ਆਸਟ੍ਰੇਲੀਆਈ ਲੋਕਾਂ ਦੀ ਸੁਰੱਖਿਆ ‘ਤੇ ਜ਼ੋਰ ਦਿੰਦਾ ਹੈ। ਇਹ ਸੁਰੱਖਿਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਅਤੇ ਪਰਿਵਾਰਕ ਤੇ ਘਰੇਲੂ ਹਿੰਸਾ ਪ੍ਰਤੀ ਬਿਲਕੁਲ ਵੀ ਸਹਿਣ ਨਾ ਕਰਨ ਦੀ ਪਹੁੰਚ ਨੂੰ ਵੀ ਉਜਾਗਰ ਕਰਦਾ ਹੈ।