ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ Qantas ਆਪਣਾ ਬੋਰਡਿੰਗ ਸਿਸਟਮ ਬਦਲਣ ਜਾ ਰਹੀ ਹੈ। ਇਸ ਤਬਦੀਲੀ ਅਧੀਨ ਏਅਰਲਾਈਨ ਹਵਾਈ ਅੱਡਿਆਂ ’ਤੇ ‘ਗਰੁੱਪ ਬੋਰਡਿੰਗ’ ਸਿਸਟਮ ਪੇਸ਼ ਕਰ ਰਹੀ ਹੈ। ਇਹ ਸਿਸਟਮ, ਇੰਟਰਨੈਸ਼ਨਲ ਏਅਰਲਾਈਨਾਂ ਵਿੱਚ ਆਮ ਹੈ ਪਰ ਸਥਾਨਕ ਹਵਾਈ ਅੱਡਿਆਂ ਲਈ ਨਵਾਂ ਹੈ। ਹੁਣ ਬੋਰਡਿੰਗ ਲਈ ਮੁਸਾਫ਼ਰਾਂ ਨੂੰ ਉਨ੍ਹਾਂ ਦੀ ਕਲਾਸ, ਅਕਸਰ ਉਡਾਣ ਦੀ ਸਥਿਤੀ ਅਤੇ ਸੀਟ ਸਥਾਨ ਦੇ ਅਧਾਰ ’ਤੇ ਛੇ ਸਮੂਹਾਂ ਵਿੱਚ ਗਰੁੱਪਾਂ ’ਚ ਵੰਡਿਆ ਜਾਵੇਗਾ। ਇਸ ਤਬਦੀਲੀ ਦਾ ਉਦੇਸ਼ ਮੁਸਾਫ਼ਰਾਂ ਵੱਲੋਂ ਗੇਟ ’ਤੇ ਲਾਈਨਾਂ ਵਿੱਚ ਖੜ੍ਹਨ ਵਾਲੇ ਸਮੇਂ ਨੂੰ ਘਟਾਉਣਾ ਅਤੇ ਜਹਾਜ਼ ’ਤੇ ਬੈਠਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ। ਇਸ ਨੂੰ ਬ੍ਰਿਸਬੇਨ, ਪਰਥ, ਮੈਲਬਰਨ ਅਤੇ ਸਿਡਨੀ ਵਿੱਚ ਲਾਗੂ ਕੀਤਾ ਜਾ ਰਿਹਾ ਹੈ।
ਹਾਲਾਂਕਿ ਕੁਝ ਅਧਿਐਨ ਸੁਝਾਅ ਦਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਹੈ ਕਿ ਗਰੁੱਪ ਬੋਰਡਿੰਗ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ। ਪਰ Qantas ਦਾ ਮੰਨਣਾ ਹੈ ਕਿ ਇਹ ਤਬਦੀਲੀ ਗਾਹਕ ਨੂੰ ਸਹੂਲਤ ਦੇਵੇਗੀ ਅਤੇ ਸਮੇਂ ਸਿਰ ਰਵਾਨਾ ਹੋਣ ਨੂੰ ਯਕੀਨੀ ਬਣਾਏਗੀ। ਨਵੀਂ ਪਹੁੰਚ ਫ਼ਰਸਟ ਅਤੇ ਬਿਜ਼ਨਸ ਕਲਾਸ ਦੇ ਮੁਸਾਫ਼ਰਾਂ ਅਤੇ ਅਕਸਰ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਤਰਜੀਹ ਦਿੰਦੀ ਜਾਪਦੀ ਹੈ।