ਮੈਲਬਰਨ: ਪਿਤਾ ਯਾਦਵਿੰਦਰ ਸਿੰਘ ਵੱਲੋਂ ਆਪਣੀ ਮਾਂ ਦੇ ਕਥਿਤ ਕਤਲ ਤੋਂ ਬਾਅਦ ਘਰ ’ਚ ਚੋਰੀ ਦੇ ਦੋਹਰੇ ਦੁਖਾਂਤ ਦਾ ਸਾਹਮਣਾ ਕਰ ਰਹੇ ਕੇਸਰ ਅਤੇ ਉਸ ਦੇ ਭਰਾ ਦੇ ਚਿਹਰੇ ’ਤੇ ਲੰਮੇ ਸਮੇਂ ਤੋਂ ਬਾਅਦ ਮੁਸਕੁਰਾਹਟ ਵੇਖਣ ਨੂੰ ਮਿਲ ਰਹੀ ਹੈ। ਆਪਣੀ ਮਾਂ ਅਮਰ ਸਰਦਾਰ ਦੇ ਦੁਖਦਾਈ ਕਤਲ ਤੋਂ ਬਾਅਦ, ਕੇਸਰ ਅਤੇ ਉਸ ਦਾ ਭਰਾ ਆਪਣੀ ਮਾਸੀ ਸਿਮਰਨ ਨਾਲ ਰਹਿਣ ਲਈ ਸਿਡਨੀ ਚਲੇ ਗਏ। ਪਰ ਪਿੱਛੇ ਉਨ੍ਹਾਂ ਦੇ ਕੁਈਨਜ਼ਲੈਂਡ ਸਥਿਤ ਫਾਰਮ ਨੂੰ ਚੋਰਾਂ ਨੇ ਲੁੱਟ ਲਿਆ, ਜਿਸ ਨਾਲ ਉਨ੍ਹਾਂ ਦੀ ਮੁਸੀਬਤ ਹੋਰ ਵਧ ਗਈ। ਪਿਛਲੇ ਦਿਨੀਂ ਉਨ੍ਹਾਂ ਦੀ ਹਾਲਤ ਬਾਰੇ ਮੀਡੀਆ ’ਚ ਆਈਆਂ ਖ਼ਬਰਾਂ ਤੋਂ ਬਾਅਦ ਬੱਚਿਆਂ ਦੀ ਮਦਦ ਲਈ ਅਪੀਲ ਕੀਤੀ ਗਈ ਸੀ ਜੋ ਰੰਗ ਲਿਆਈ ਅਤੇ ਕਾਰੋਬਾਰਾਂ ਸਮੇਤ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੀ ਖੁੱਲ੍ਹ ਕੇ ਵਿੱਤੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ : ‘ਜੋ ਵੀ ਮੈਨੂੰ ਪਿਆਰਾ ਸੀ ਸਭ ਲੁੱਟ ਕੇ ਲੈ ਗਏ’, ਮਾਂ ਦੇ ‘ਕਤਲ’ ਤੋਂ ਬਾਅਦ ਪੰਜਾਬੀ ਮੂਲ ਦੇ ਪਰਿਵਾਰ ਨੂੰ ਨਵਾਂ ਝਟਕਾ – Sea7 Australia
ਸੁਪਰਮਾਰਕੀਟ Coles ਨੇ ਗਿਫਟ ਕਾਰਡਾਂ ਵਿੱਚ 10,000 ਡਾਲਰ ਦਾਨ ਕੀਤੇ, ਅਤੇ Lite n’ Easy ਨੇ ਵੀ 10,000 ਡਾਲਰ ਦਾ ਭੋਜਨ ਦਾਨ ਕੀਤਾ। ਬ੍ਰਿਸਬੇਨ ਵਿਚ Superior Crane Hire ਨੇ ਉਨ੍ਹਾਂ ਲਈ ਇਕ ਸਾਲ ਦੇ ਮੁਫਤ ਫ਼ਿਊਲ ਦੀ ਪੇਸ਼ਕਸ਼ ਕੀਤੀ ਹੈ। ਪਰਿਵਾਰ ਨੇ ਇਸ ਸਮਰਥਨ ਲਈ ਬਹੁਤ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇੱਕ ਆਨਲਾਈਨ ਫੰਡਰੇਜ਼ਰ ਨੇ ਪੰਜਾਬੀ ਮੂਲ ਦੇ ਬੱਚਿਆਂ ਲਈ 32,000 ਡਾਲਰ ਤੋਂ ਵੱਧ ਇਕੱਠੇ ਕੀਤੇ ਹਨ। ਕੇਸਰ ਨੇ ਮਦਦ ਲਈ ਸਾਰੇ ਦਾਨੀਆਂ ਦਾ ਧੰਨਵਾਦ ਕੀਤਾ। ਫ਼ੰਡਰੇਜ਼ਰ ਪੇਜ ਅਜੇ ਵੀ ਦਾਨ ਲਈ ਖੁੱਲ੍ਹਾ ਹੈ।