ਐਡੀਲੇਡ ਦੇ ਸਟੋਰ ਤੋਂ ਲਾਟਰੀ ਖ਼ਰੀਦਣ ਵਾਲੇ ਦੀ ਚਮਕੀ ਕਿਸਮਤ, ਜਿੱਤ ਲਿਆ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਪਾਵਰਬਾਲ ਜੈਕਪਾਟ

ਮੈਲਬਰਨ: ਆਸਟ੍ਰੇਲੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲਾਟਰੀ ਐਡੀਲੇਡ ਦੇ ਇੱਕ ਵਿਅਕਤੀ ਨੇ ਜਿੱਤੀ ਹੈ। 15 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਦੇ ਰਹੱਸਮਈ ਜੇਤੂ ਨੇ ਇਹ ਟਿਕਟ ਸਾਊਥ ਆਸਟ੍ਰੇਲੀਆ ਦੇ ਐਡੀਲੇਡ ਸਥਿਤ ਸਟੋਰ ਤੋਂ ਖਰੀਦੀ ਗਈ ਸੀ। ਜੇਤੂ ਨੰਬਰ 18, 29, 34, 8, 4, 28 ਅਤੇ 6 ਸਨ ਜਿਸ ਦਾ ਪਾਵਰਬਾਲ 11 ਹੈ।

ਲਾਟਰੀ ਜੇਤੂੂ ਅੱਧਖੜ ਉਮਰ ਦੇ ਐਡੀਲੇਡ ਵਾਸੀ ਨੇ ਕਿਹਾ ਕਿ ਉਸ ਨੇ ਅਸਲ ’ਚ ਦੋ ਲਾਟਰੀ ਟਿਕਟਾਂ ਖ਼ਰੀਦੀਆਂ ਸਨ ਜਿਨ੍ਹਾਂ ’ਚੋਂ ਪਹਿਲੀ ’ਤੇ ਕੋਈ ਇਨਾਮ ਨਹੀਂ ਲੱਗਾ ਪਰ ਜਦੋਂ ਉਸ ਨੇ ਦੂਜੀ ਟਿਕਟ ਸਕੈਨ ਕੀਤੀ ਤਾਂ ਉਸ ਦੀ 15 ਕਰੋੜ ਡਾਲਰ ਦੀ ਲਾਟਰੀ ਲੱਗ ਗਈ। ਉਸ ਨੇ ਕਿਹਾ, ‘‘ਇਨਾਮ ਵੇਖਦਿਆਂ ਮੇਰੀ ਚੀਕ ਨਿਕਲ ਗਈ। ਮੈਂ ਸਾਰੀ ਰਾਤ ਸੌਂ ਨਹੀਂ ਸਕਿਆ ਅਤੇ ਖ਼ੁਸ਼ੀ ’ਚ ਛਾਲਾਂ ਮਾਰਦਾ ਰਿਹਾ।’’

ਹਾਲਾਂਕਿ ਏਨੀ ਵੱਡੀ ਲਾਟਰੀ ਨਿਕਲਣ ਤੋਂ ਬਾਅਦ ਵੀ ਉਹ ਅਗਲੇ ਦਿਨ ਹੀ ਕੰਮ ’ਤੇ ਪਹੁੰਚ ਗਿਆ ਅਤੇ ਉਸ ਦਾ ਕਹਿਣਾ ਹੈ ਕਿ ਉਹ ਕੰਮ ਕਰਨਾ ਨਹੀਂ ਛੱਡੇਗਾ। ਲਾਟਰੀ ਦੀ ਰਕਮ ਖ਼ਰਚ ਕਰਨ ਬਾਰੇ ਉਸ ਦੀਆਂ ਯੋਜਨਾਵਾਂ ਨਵਾਂ ਘਰ ਖ਼ਰੀਦਣ, ਸੈਰ-ਸਪਾਟਾ ਕਰਨ ਅਤੇ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਵਿੱਤੀ ਮਦਦ ਕਰਨਾ ਹੈ।

ਭਾਵੇਂ ਇਸ ਤੋਂ ਪਹਿਲਾਂ ਵੀ 15 ਕਰੋੜ ਦੀ ਲਾਟਰੀ ਦੋ ਵਾਰੀ ਜਿੱਤੀ ਗਈ ਸੀ ਪਰ ਇਹ ਲਾਟਰੀ ਜਾਂ ਤਾਂ ਕਈ ਜਣਿਆਂ ਨੇ ਮਿਲ ਕੇ ਖ਼ਰੀਦੀ ਸੀ ਜਾਂ ਸਿੰਡੀਕੇਟਾਂ ਵੱਲੋਂ। ਪਹਿਲੀ ਵਾਰੀ ਹੈ ਜਦੋਂ ਕਿਸੇ ਇਕ ਵਿਅਕਤੀ ਨੂੰ ਏਨੀ ਵੱਡੀ ਰਕਮ ਦੀ ਲਾਟਰੀ ਮਿਲੇਗੀ।

Leave a Comment